ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਨੇ ਰਚਿਆ ਇਤਿਹਾਸ

Thu 13th Jul, 2017 Author: Lokesh Dhakad

Women's World Cup

ਬ੍ਰਿਸਟਲ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਵਰਲਡ ਰਿਕਾਰਡ ਬਣਾ ਦਿੱਤਾ ਹੈ। ਮਿਤਾਲੀ ਰਾਜ ਇਕ ਰੋਜ਼ਾ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ। ਬੁੱਧਵਾਰ ਨੂੰ ਆਈ.ਸੀ.ਸੀ. ਮਹਿਲਾ ਵਰਲਡ ਕੱਪ 'ਚ ਆਸਟਰੇਲੀਆ ਦੇ ਖਿਲਾਫ ਮਿਤਾਲੀ ਨੇ ਇਹ ਰਿਕਾਰਡ ਬਣਾਇਆ। ਮਿਤਾਲੀ ਰਾਜ ਨੇ ਵਨਡੇ ਕਰੀਅਰ 'ਚ ਆਪਣੀਆਂ 6 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਤੋਂ ਪਹਿਲਾਂ ਵਨਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਇੰਗਲੈਂਡ ਦੀ ਸ਼ੇਰਲੋਟ ਐਡਵਰਡਸ ਦੇ ਨਾਂ ਸੀ। ਉਨ੍ਹਾਂ ਨੇ 191 ਮੈਚਾਂ 'ਚ 5992 ਦੌੜਾਂ ਬਣਾਈਆਂ ਸਨ। ਮਿਤਾਲੀ ਰਾਜ ਨੇ 26 ਜੂਨ 1999 ਨੂੰ ਆਇਰਲੈਂਡ ਦੇ ਖਿਲਾਫ ਵਨਡੇ ਮੈਚ ਨਾਲ ਆਪਣੇ ਕੌਮਾਂਤਰੀ ਕਰੀਅਰ ਦਾ ਆਗਾਜ਼ ਕੀਤਾ ਸੀ। ਮਿਤਾਲੀ 51.81 ਦੇ ਔਸਤ ਨਾਲ 6 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੀ ਹੈ। ਵਨਡੇ ਤੋਂ ਇਲਾਵਾ ਮਿਤਾਲੀ ਨੇ 10 ਟੈਸਟ ਮੈਚਾਂ 'ਚ 663 ਦੌੜਾਂ ਅਤੇ 63 ਟੀ 20 ਮੈਚਾਂ 'ਚ 1,708 ਦੌੜਾਂ ਬਣਾਈਆਂ ਹਨ। ਮਿਤਾਲੀ ਨੇ ਵਨਡੇ ਇੰਟਰਨੈਸ਼ਨਲ 'ਚ ਲਗਾਤਾਰ 7 ਹਾਫ ਸੈਂਚੁਰੀ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ।