ਸੁਨੀਲ ਗਾਵਸਕਰ ਨੇ ਦੱਸਿਆ, ਉਹ ਮੌਜੂਦਾ ਟੀਮ ਇੰਡੀਆ ਦੇ ਕਿਹੜੇ ਖਿਡਾਰੀ ਦੀ ਤਰ੍ਹਾਂ ਬਣਨਾ ਚਾਹੁੰਦੇ ਸੀ
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਸੀਮਤ ਓਵਰਾਂ ਦੀ ਕ੍ਰਿਕਟ ਟੀਮ ਦੇ ਉਪ ਕਪਤਾਨ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਰੋਹਿਤ ਵਰਗਾ ਬੱਲੇਬਾਜ਼ ਬਣਨਾ ਚਾਹੁੰਦੇ ਸੀ। ਟੈਸਟ ਕ੍ਰਿਕਟ ਵਿੱਚ 10,000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਗਾਵਸਕਰ ਨੇ ਇਹ ਗੱਲ ਇੰਡੀਆ ਟੂਡੇ ਦੇ ਇਕ ਪ੍ਰੋਗਰਾਮ ਵਿੱਚ ਕਹੀ।
ਰੋਹਿਤ ਨੇ 2015 ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 97 ਵਨਡੇ ਪਾਰਿਆਂ ਵਿਚ 62.36 ਦੀ ਸ਼ਾਨਦਾਰ ਔਸਤ ਤੇ 95.44 ਦੇ ਲਾਜਵਾਬ ਸਟ੍ਰਾਈਕ ਰੇਟ ਨਾਲ ਦੌੜ੍ਹਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਨਾਮ 24 ਸੈਂਕੜੇ ਦਰਜ ਹਨ. ਉਹ ਵਿਸ਼ਵ ਦਾ ਇਕਲੌਤਾ ਬੱਲੇਬਾਜ਼ ਹੈ ਜਿਸ ਨੇ ਵਨਡੇ ਕ੍ਰਿਕਟ ਵਿੱਚ ਤਿੰਨ ਦੋਹਰੇ ਸੈਂਕੜੇ ਲਗਾਏ ਹਨ।
ਗਾਵਸਕਰ ਨੇ ਕਿਹਾ, "ਰੋਹਿਤ ਸ਼ਰਮਾ ਜਿਸ ਤਰ੍ਹਾਂ ਵਨਡੇ ਅਤੇ ਟੈਸਟ ਕ੍ਰਿਕਟ ਵਿੱਚ ਪਾਰੀ ਦੀ ਸ਼ੁਰੂਆਤ ਕਰਦਾ ਹੈ, ਜਿਸ ਤਰ੍ਹਾਂ ਉਹ ਪਹਿਲੇ ਓਵਰ ਵਿੱਚ ਹੀ ਸ਼ਾੱਟ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਮੈਂ ਵੀ ਇਸ ਤਰ੍ਹਾਂ ਹੀ ਖੇਡਣਾ ਚਾਹੁੰਦਾ ਸੀ।"
ਉਹਨਾਂ ਕਿਹਾ, "ਹਾਲਾਂਕਿ ਉਸ ਸਮੇਂ ਦੀਆਂ ਸਥਿਤੀਆਂ ਕਾਰਨ ਮੈਨੂੰ ਆਪਣੇ ਆਪ ਵਿੱਚ ਇੰਨਾ ਭਰੋਸਾ ਨਹੀਂ ਸੀ ਕਿ ਮੈਂ ਤੇਜ਼ ਸਕੋਰ ਬਣਾ ਸਕਾਂ। ਇਸ ਲਈ ਮੈਂ ਕਦੇ ਇਸ ਤਰ੍ਹਾਂ ਦੀ ਬੱਲੇਬਾਜ਼ੀ ਨਹੀਂ ਕੀਤੀ। ਹਾਲਾਂਕਿ ਜਦੋਂ ਮੈਂ ਵੇਖਦਾ ਹਾਂ ਕਿ ਬੱਲੇਬਾਜ਼ ਹੁਣ ਇਦਾਂ ਕਰਦਾ ਹੈ ਤਾਂ ਮੈਂ ਬਹੁਤ ਖੁਸ਼ ਹੁੰਦਾ ਹਾਂ. ”
ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਮੌਜੂਦਾ ਭਾਰਤੀ ਟੀਮ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਹੁਣ ਤੱਕ ਦੀ ਸਰਬੋਤਮ ਟੀਮ ਦੱਸਿਆ ਹੈ।
ਗਾਵਸਕਰ ਨੇ ਅੱਗੇ ਕਿਹਾ, "ਮੇਰਾ ਮੰਨਣਾ ਹੈ ਕਿ ਮੌਜੂਦਾ ਟੈਸਟ ਟੀਮ ਸੰਤੁਲਨ, ਯੋਗਤਾ, ਹੁਨਰ ਅਤੇ ਜਨੂੰਨ ਦੇ ਮਾਮਲੇ ਵਿੱਚ ਹੁਣ ਤੱਕ ਦੀ ਸਰਵਸ੍ਰੇਸ਼ਠ ਭਾਰਤੀ ਟੀਮ ਹੈ। ਮੈਂ ਇਸ ਤੋਂ ਬਿਹਤਰ ਭਾਰਤੀ ਟੈਸਟ ਟੀਮ ਬਾਰੇ ਨਹੀਂ ਸੋਚ ਸਕਦਾ।"
ਉਨ੍ਹਾਂ ਕਿਹਾ, “ਇਸ ਟੀਮ ਦਾ ਗੇਂਦਬਾਜ਼ੀ ਆਕ੍ਰਮਣ ਕਿਸੇ ਵੀ ਕਿਸਮ ਦੀ ਪਿੱਚ 'ਤੇ ਮੈਚ ਜਿੱਤ ਸਕਦਾ ਹੈ। ਇਸ ਟੀਮ ਨੂੰ ਹਾਲਾਤਾਂ ਦੀ ਮਦਦ ਦੀ ਜ਼ਰੂਰਤ ਨਹੀਂ ਹੈ। ਚਾਹੇ ਉਹ ਕਿਸੇ ਵੀ ਤਰ੍ਹਾੰ ਦੇ ਹਾਲਾਤ ਹੋਣ, ਉਹ ਕਿਸੇ ਵੀ ਵਿਕਟ' ਤੇ ਮੈਚ ਜਿੱਤ ਸਕਦੇ ਹਨ। 1980 ਦੇ ਦਹਾਕੇ ਵਿਚ ਟੀਮਾਂ ਬਹੁਤ ਮਿਲਦੀਆਂ ਜੁਲਦੀਆਂ ਸਨ, ਪਰ ਉਨ੍ਹਾਂ ਕੋਲ ਉਹ ਗੇਂਦਬਾਜ਼ ਨਹੀਂ ਸਨ, ਜੋ ਵਿਰਾਟ ਕੋਲ ਹਨ।