ਰਾਜਸਥਾਨ ਦੀ ਟੀਮ ਨੂੰ ਤੀਜਾ ਵੱਡਾ ਝਟਕਾ, ਆਰਚਰ ਅਤੇ ਸਟੋਕਸ ਤੋਂ ਬਾਅਦ ਇਹ ਵੱਡਾ ਖਿਡਾਰੀ ਵੀ ਹੋਇਆ ਆਈਪੀਐਲ ਤੋਂ ਬਾਹਰ
ਰਾਜਸਥਾਨ ਰਾਇਲਜ਼ ਦੀ ਟੀਮ ਨੂੰ ਇੱਕ ਤੋਂ ਬਾਅਦ ਇੱਕ ਤੀਸਰਾ ਵੱਡਾ ਝਟਕਾ ਲੱਗਾ ਹੈ। ਜੋਫਰਾ ਆਰਚਰ ਅਤੇ ਸਟਾਰ ਆਲਰਾਉਂਡਰ ਬੇਨ ਸਟੋਕਸ ਤੋਂ ਬਾਅਦ ਹੁਣ ਤੇਜ਼ ਗੇਂਦਬਾਜ਼ ਐਂਡਰਿਉ ਟਾਈ ਆਈਪੀਐਲ ਤੋਂ ਬਾਹਰ ਹੋ ਗਿਆ ਹੈ। ਉਹ ਭਾਰਤ ਛੱਡ ਕੇ ਆਸਟਰੇਲੀਆ ਲਈ ਰਵਾਨਾ ਹੋ ਗਿਆ ਹੈ।
ਸਟੋਕਸ ਅਤੇ ਆਰਚਰ ਦੇ ਜਾਣ ਤੋਂ ਬਾਅਦ ਰਾਜਸਥਾਨ ਦੀ ਟੀਮ ਪਹਿਲਾਂ ਹੀ ਕਮਜ਼ੋਰ ਨਜ਼ਰ ਆ ਰਹੀ ਸੀ, ਪਰ ਹੁਣ ਇਹ ਟੀਮ ਟਾਈ ਦੇ ਜਾਣ ਤੋਂ ਬਾਅਦ ਹੋਰ ਕਮਜ਼ੋਰ ਹੋ ਸਕਦੀ ਹੈ। ਬੇਸ਼ੱਕ, ਟਾਈ ਨੇ ਇਸ ਸੀਜ਼ਨ ਵਿਚ ਅਜੇ ਤੱਕ ਇਕ ਵੀ ਮੈਚ ਨਹੀਂ ਖੇਡਿਆ ਸੀ, ਪਰ ਉਹ ਆਉਣ ਵਾਲੇ ਮੈਚਾਂ ਵਿਚ ਇਕ ਮਹੱਤਵਪੂਰਨ ਖਿਡਾਰੀ ਸਾਬਤ ਹੋ ਸਕਦਾ ਸੀ।
ਟਾਈ ਐਤਵਾਰ (25 ਅਪ੍ਰੈਲ) ਦੀ ਸਵੇਰ ਨੂੰ ਆਸਟਰੇਲੀਆ ਲਈ ਰਵਾਨਾ ਹੋ ਗਿਆ ਹੈ। ਹਾਲਾਂਕਿ, ਟੂਰਨਾਮੈਂਟ ਵਿਚ ਛੱਡ ਕੇ ਆਸਟਰੇਲੀਆ ਵਾਪਸ ਪਰਤਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।
ਇਸ ਤੋਂ ਪਹਿਲਾਂ ਰਾਜਸਥਾਨ ਦੇ ਜੋਫਰਾ ਆਰਚਰ ਅਤੇ ਸਟਾਰ ਆਲਰਾਉਂਡਰ ਬੇਨ ਸਟੋਕਸ ਵੀ ਉਂਗਲੀ ਦੀ ਸੱਟ ਕਾਰਨ ਆਈਪੀਐਲ 2021 ਤੋਂ ਬਾਹਰ ਹੋ ਗਏ ਹਨ, ਜਦਕਿ ਲੀਅਮ ਲਿਵਿੰਗਸਟੋਨ ਵੀ ਪਿਛਲੇ ਦਿਨੀਂ ਬਾਇਓ ਬੱਬਲ ਵਿੱਚ ਰਹਿਣ ਕਾਰਨ ਹੋਈ ਥਕਾਵਟ ਕਾਰਨ ਮੱਧ ਟੂਰਨਾਮੈਂਟ ਵਿੱਚ ਇੰਗਲੈਂਡ ਵਾਪਸ ਪਰਤਿਆ ਸੀ।