IPL 2020: ਅਮਿਤ ਮਿਸ਼ਰਾ ਨੇ ਰਚਿਆ ਇਤਿਹਾਸ, ਟੀ -20 ਵਿਚ ਭਾਰਤ ਲਈ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਬਣੇ
ਮੰਗਲਵਾਰ ਨੂੰ ਅਬੂ ਧਾਬੀ ਵਿੱਚ ਖੇਡੇ ਗਏ ਆਈਪੀਐਲ ਦੇ 13 ਵੇਂ ਸੀਜ਼ਨ ਦੇ ਮੁਕਾਬਲੇ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ ਦਿੱਲੀ ਕੈਪੀਟਲਜ਼ ਨੂੰ 15 ਦੌੜਾਂ ਨਾਲ ਹਰਾਕੇ ਇਸ ਟੂਰਨਾਮੇਂਟ ਵਿਚ ਆਪਣੀ ਪਹਿਲੀ ਜਿੱਤ ਹਾਸਲ ਕਰ ਲਈ. ਸ਼੍ਰੇਅਸ ਅਈਅਰ ਦੀ ਕਪਤਾਨੀ ਵਿਚ ਤਿੰਨ ਮੈਚਾਂ ਵਿਚ ਇਹ ਦਿੱਲੀ ਦੀ ਪਹਿਲੀ ਹਾਰ ਸੀ.
ਬੇਸ਼ਕ ਦਿੱਲੀ ਇਹ ਮੈਚ ਹਾਰ ਗਈ, ਪਰ ਟੀਮ ਦੇ ਲੈੱਗ ਸਪਿੰਨਰ ਅਮਿਤ ਮਿਸ਼ਰਾ ਨੇ ਇਕ ਖਾਸ ਰਿਕਾਰਡ ਆਪਣੇ ਨਾਮ ਕਰ ਲਿਆ ਹੈ. ਮਿਸ਼ਰਾ ਨੇ ਆਪਣੇ ਚਾਰ ਓਵਰਾਂ ਵਿਚ 35 ਦੌੜਾਂ ਦੇ ਕੇ 2 ਵਿਕਟਾਂ ਲਈਆਂ. ਇਸਦੇ ਨਾਲ ਹੀ ਉਹ ਟੀ -20 ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਬਣ ਗਏ ਹਨ.
ਇਸ ਮੈਚ ਤੋਂ ਬਾਅਦ ਮਿਸ਼ਰਾ ਦੇ 231 ਮੈਚਾਂ ਦੀ 230 ਪਾਰੀਆਂ ਵਿਚ 255 ਵਿਕਟਾਂ ਹੋ ਗਈਆੰ ਹਨ. ਉਹਨਾਂ ਤੋਂ ਇਲਾਵਾ ਪੀਯੂਸ਼ ਚਾਵਲਾ ਨੇ 240 ਮੈਚਾਂ ਦੀਆਂ 239 ਪਾਰੀਆਂ ਵਿਚ 255 ਵਿਕਟਾਂ ਲਈਆਂ ਹਨ. ਇਸ ਸੂਚੀ ਵਿਚ ਰਵੀਚੰਦਰਨ ਅਸ਼ਵਿਨ 237 ਵਿਕਟਾਂ ਨਾਲ ਤੀਜੇ ਨੰਬਰ 'ਤੇ ਹਨ.
ਦੱਸ ਦੇਈਏ ਕਿ ਅਮਿਤ ਮਿਸ਼ਰਾ ਆਈਪੀਐਲ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਸਫਲ ਗੇਂਦਬਾਜ਼ ਹਨ. ਲਸਿਥ ਮਲਿੰਗਾ ਦੇ ਬਾਅਦ ਮਿਸ਼ਰਾ ਨੇ ਇਸ ਟੂਰਨਾਮੈਂਟ ਵਿਚ ਸਭ ਤੋਂ ਵੱਧ 159 ਵਿਕਟਾਂ ਹਾਸਲ ਕੀਤੀਆਂ ਹਨ. ਇਸ ਵਿਚੋਂ ਉਹਨਾਂ ਨੇ ਦਿੱਲੀ ਲਈ ਖੇਡਦੇ ਹੋਏ 99 ਵਿਕਟਾਂ ਲਈਆਂ ਹਨ. ਉਹ 3 ਅਕਤੂਬਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮੈਚ ਵਿੱਚ ਵਿਕਟ ਲੈਂਦਿਆਂ ਹੀ ਦਿੱਲੀ ਲਈ ਆਈਪੀਐਲ ਵਿੱਚ 100 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਜਾਣਗੇ.
ਮਿਸ਼ਰਾ ਇਸ ਸੀਜ਼ਨ ਦੇ ਪਹਿਲੇ ਮੈਚ ਵਿੱਚ ਦਿੱਲੀ ਦੀ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ. ਰਵੀਚੰਦਰਨ ਅਸ਼ਵਿਨ ਦੇ ਚੋਟਿਲ ਹੋਣ ਤੋਂ ਬਾਅਦ ਉਹਨਾਂ ਨੂੰ ਟੀਮ ਵਿਚ ਮੌਕਾ ਮਿਲਿਆ ਸੀ. ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਸ਼ਵਿਨ ਦੇ ਫਿੱਟ ਹੋਣ ਤੋਂ ਬਾਅਦ ਵੀ ਮਿਸ਼ਰਾ ਪਲੇਇੰਗ ਇਲੈਵਨ ਦਾ ਹਿੱਸਾ ਹੁੰਦੇ ਹਨ ਜਾਂ ਨਹੀਂ.