ਐਸ਼ੇਜ਼ 20 21-22: ਆਸਟਰੇਲੀਆ ਨੇ ਤੀਜੇ ਟੈਸਟ 'ਚ ਇੰਗਲੈਂਡ ਨੂੰ ਪਾਰੀ ਅਤੇ 14 ਦੌੜਾਂ ਨਾਲ ਹਰਾ ਕੇ ਜਿੱਤੀ ਸੀਰੀਜ਼
ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਖੇਡੇ ਗਏ ਏਸ਼ੇਜ਼ ਸੀਰੀਜ਼ ਦੇ ਤੀਜੇ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਪਾਰੀ ਅਤੇ 14 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਆਸਟ੍ਰੇਲੀਆ ਨੇ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਤੀਜੇ ਦਿਨ ਇੰਗਲੈਂਡ ਦੀ ਟੀਮ ਦੂਜੀ ਪਾਰੀ 'ਚ 4 ਵਿਕਟਾਂ ਦੇ ਨੁਕਸਾਨ 'ਤੇ 31 ਦੌੜਾਂ ਬਣਾ ਕੇ ਖੇਡਣ ਉਤਰੀ। ਪਰ ਇੰਗਲੈਂਡ ਦੀ ਟੀਮ ਸਕਾਟ ਬੋਲੈਂਡ ਦੀ ਧਮਾਕੇਦਾਰ ਗੇਂਦਬਾਜ਼ੀ ਦੇ ਸਾਹਮਣੇ 68 ਦੌੜਾਂ 'ਤੇ ਆਲ ਆਊਟ ਹੋ ਗਈ।
ਡੈਬਿਊ ਮੈਚ ਖੇਡ ਰਹੇ ਬੋਲੈਂਡ ਨੇ 4 ਓਵਰਾਂ 'ਚ ਸਿਰਫ 7 ਦੌੜਾਂ ਦੇ ਕੇ 6 ਵਿਕਟਾਂ ਆਪਣੇ ਖਾਤੇ 'ਚ ਲਈਆਂ। ਉਸ ਤੋਂ ਇਲਾਵਾ ਮਿਸ਼ੇਲ ਸਟਾਰਕ ਨੇ ਤਿੰਨ ਅਤੇ ਕੈਮਰਨ ਗ੍ਰੀਨ ਨੇ ਇਕ ਵਿਕਟ ਲਈ।ਇੰਗਲੈਂਡ ਲਈ ਦੂਜੀ ਪਾਰੀ ਵਿੱਚ ਕਪਤਾਨ ਜੋਅ ਰੂਟ ਨੇ ਸਭ ਤੋਂ ਵੱਧ 28 ਦੌੜਾਂ ਦੀ ਪਾਰੀ ਖੇਡੀ। ਟੀਮ ਦੇ 9 ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ।
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿਚ 185 ਦੌੜਾਂ 'ਤੇ ਆਊਟ ਹੋ ਗਈ, ਜਿਸ ਵਿਚ ਕਪਤਾਨ ਜੋਅ ਰੂਟ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟਰੇਲੀਆ ਨੇ ਮਾਰਕਸ ਹੈਰਿਸ (76) ਦੀ ਬਦੌਲਤ 267 ਦੌੜਾਂ ਬਣਾਈਆਂ ਅਤੇ ਪਹਿਲੀ ਪਾਰੀ ਵਿੱਚ 82 ਦੌੜਾਂ ਦੀ ਅਹਿਮ ਬੜ੍ਹਤ ਹਾਸਲ ਕਰ ਲਈ।
ਹੁਣ ਬਾਕੀ ਬਚੇ ਦੋ ਟੈਸਟ ਮੈਚਾਂ ਵਿਚ ਇੰਗਲੈਂਡ ਆਪਣਾ ਸਨਮਾਨ ਬਚਾਉਣ ਦੀ ਕੋਸ਼ਿਸ਼ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਏਸ਼ੇਜ਼ ਸੀਰੀਜ਼ ਦਾ ਚੌਥਾ ਟੈਸਟ 5 ਜਨਵਰੀ ਤੋਂ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ।