IND vs AUS: ਆਸਟਰੇਲੀਆਈ ਗੇਂਦਬਾਜ਼ ਨਾਥਨ ਲਾਇਨ ਦਾ ਬਿਆਨ, ਕਿਹਾ- ਮੇਰੀ ਅਸ਼ਵਿਨ ਨਾਲ ਕੋਈ ਤੁਲਨਾ ਨਹੀਂ
ਆਸਟਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਨੇ ਕਿਹਾ ਹੈ ਕਿ ਉਹ ਆਪਣੀ ਤੁਲਨਾ ਰਵੀਚੰਦਰਨ ਅਸ਼ਵਿਨ ਨਾਲ ਨਹੀਂ ਕਰਦੇ ਕਿਉਂਕਿ ਉਹ ਦੋਵੇਂ ਵੱਖ ਵੱਖ ਗੇਂਦਬਾਜ਼ ਹਨ। ਲਿਓਨ ਨੇ ਕਿਹਾ ਕਿ ਜਦੋਂ ਉਹ ਭਾਰਤ ਆਏ ਸੀ ਤਾਂ ਉਹਨਾਂ ਨੇ ਅਸ਼ਵਿਨ ਤੋਂ ਕਾਫੀ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਸੀ।
ਉਹਨਾਂ ਨੇ ਕਿਹਾ, "ਅਸ਼ਵਿਨ ਇੱਕ ਵਿਸ਼ਵ ਪੱਧਰੀ ਗੇਂਦਬਾਜ਼ ਹੈ। ਮੈਂ ਉਹਨਾਂ ਨੂੰ ਬਹੁਤ ਵੇਖਿਆ ਹੈ, ਖ਼ਾਸਕਰ ਜਦੋਂ ਮੈਂ ਭਾਰਤ ਦਾ ਦੌਰਾ ਕੀਤਾ ਸੀ ਅਤੇ ਉਸ ਦੌਰਾਨ ਮੈਂ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ ਬਹੁਤ ਸਾਵਧਾਨੀ ਨਾਲ ਗੇਂਦਬਾਜ਼ੀ ਕਰਨ ਵਾਲੇ ਗੇਂਦਬਾਜ਼ ਹਨ। ਜਿਸ ਤਰੀਕੇ ਨਾਲ ਉਹ ਗਤੀ ਵਿਚ ਬਦਲਾਅ ਕਰਦੇ ਹਨ ਉਹ ਸ਼ਾਨਦਾਰ ਹੈ।”
ਅੱਗੇ ਗੱਲ ਕਰਦਿਆੰ ਲਿਓਨ ਨੇ ਕਿਹਾ, "ਉਹ ਬਹੁਤ ਪ੍ਰਤਿਭਾਵਾਨ ਗੇਂਦਬਾਜ਼ ਹੈ। ਇਹ ਨਿਸ਼ਚਤ ਹੈ। ਅਸੀਂ ਇਕ ਤਰ੍ਹਾਂ ਨਾਲ ਇਕੋ ਜਿਹੇ ਵੀ ਹਾਂ ਅਤੇ ਵੱਖਰੇ ਵੀ ਹਾਂ। ਮੈਂ ਉਹਨਾਂ ਦੀ ਤੁਲਨਾ ਆਪਣੇ ਨਾਲ ਨਹੀਂ ਕਰ ਸਕਦਾ। ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਰਿਕਾਰਡ ਆਪਣੇ ਲਈ ਬੋਲਦਾ ਹੈ। ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ।"
ਪਹਿਲੇ ਟੈਸਟ ਮੈਚ ਦੌਰਾਨ ਅਸ਼ਵਿਨ ਨੇ ਲਿਓਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਸੀ ਕਿ ਉਹ ਅਲਗ ਗੇਂਦਬਾਜ਼ ਹੈ। ਐਡੀਲੇਡ ਓਵਲ ਮੈਦਾਨ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਆਸਟਰੇਲੀਆ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ। ਹੁਣ ਦੋਵਾਂ ਟੀਮਾਂ ਮੈਲਬੌਰਨ ਕ੍ਰਿਕਟ ਗਰਾਉਂਡ (ਐਮਸੀਜੀ) ਵਿਖੇ ਬਾਕਸਿੰਗ ਡੇਅ ਟੈਸਟ ਮੈਚ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ।