AUS vs IND: ਟੀਮ ਇੰਡੀਆ ਨੇ ਲਿਆ ਐਡੀਲੇਡ ਦਾ ਬਦਲਾ, ਦੂਜੇ ਟੈਸਟ ਮੈਚ ਵਿੱਚ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ
ਭਾਰਤੀ ਕ੍ਰਿਕਟ ਟੀਮ ਨੇ ਮੈਲਬੌਰਨ ਕ੍ਰਿਕਟ ਮੈਦਾਨ (ਐੱਮਸੀਜੀ) ਵਿਖੇ ਐਡੀਲੇਡ ਵਿੱਚ ਸ਼ਰਮਨਾਕ ਹਾਰ ਦਾ ਬਦਲਾ ਲੈ ਲਿਆ। ਭਾਰਤੀ ਟੀਮ ਵਿਚ ਕਈ ਪ੍ਰਮੁੱਖ ਖਿਡਾਰੀਆਂ ਦੀ ਅਣਹੋਂਦ ਦੇ ਬਾਵਜੂਦ, ਰਹਾਣੇ ਦੀ ਟੀਮ ਨੇ ਦੂਜੇ ਟੈਸਟ ਮੈਚ ਵਿੱਚ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ਵਿੱਚ 1-1 ਨਾਲ ਬਰਾਬਰੀ ਕਰ ਲਈ।
ਮੰਗਲਵਾਰ ਨੂੰ ਮੈਚ ਦੇ ਚੌਥੇ ਦਿਨ ਮੇਜ਼ਬਾਨ ਆਸਟਰੇਲੀਆ ਦੀ ਦੂਜੀ ਪਾਰੀ 200 ਦੌੜਾਂ ਤੇ ਖਤਮ ਹੋ ਗਈ। ਇਸ ਤੋਂ ਬਾਅਦ ਭਾਰਤ ਕੋਲ ਜਿੱਤ ਲਈ 70 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਇੰਡੀਆ ਨੇ 2 ਵਿਕਟਾਂ ਗੁਆਉਣ ਤੋਂ ਬਾਅਦ 15.5 ਓਵਰਾਂ ਵਿੱਚ ਹਾਸਲ ਕਰ ਲਿਆ।
ਭਾਰਤ ਲਈ ਆਪਣਾ ਪਹਿਲਾ ਟੈਸਟ ਖੇਡ ਰਹੇ ਸ਼ੁਭਮਨ ਗਿੱਲ ਨੇ ਅਜੇਤੂ 35 ਦੌੜਾਂ ਬਣਾਈਆਂ। ਕਪਤਾਨ ਅਜਿੰਕਿਆ ਰਹਾਣੇ 27 ਦੌੜਾਂ ਬਣਾ ਕੇ ਨਾਬਾਦ ਪਰਤ ਗਏ। ਭਾਰਤ ਨੇ ਮਯੰਕ ਅਗਰਵਾਲ (5) ਅਤੇ ਚੇਤੇਸ਼ਵਰ ਪੁਜਾਰਾ (3) ਦੀਆਂ ਵਿਕਟਾਂ ਗੁਆਈਆਂ ਸੀ।
ਗਿੱਲ ਨੇ 36 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸੱਤ ਚੌਕਿਆਂ ਦੀ ਮਦਦ ਨਾਲ 35 ਦੌੜਾਂ ਜਦੋਂਕਿ ਮਿਸ਼ੇਲ ਸਟਾਰਕ ਤੋਂ ਕੁੱਲ 19 ਦੌੜਾਂ 'ਤੇ ਜੀਵਨਦਾਨ ਹਾਸਲ ਕਰਨ ਵਾਲੇ ਰਹਾਣੇ ਨੇ 40 ਗੇਂਦਾਂ' ਤੇ ਤਿੰਨ ਚੌਕੇ ਲਗਾਏ। ਪਹਿਲੀ ਪਾਰੀ ਵਿਚ 112 ਦੌੜਾਂ ਬਣਾਉਣ ਦੇ ਚਲਦੇ ਕਪਤਾਨ ਰਹਾਣੇ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।
ਆਸਟਰੇਲੀਆ ਨੇ ਐਡੀਲੇਡ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਲੜੀ ਵਿਚ ਲੀਡ ਲੈ ਲਈ ਸੀ। ਇਹ ਉਹੀ ਟੈਸਟ ਮੈਚ ਹੈ ਜਿਸ ਵਿਚ ਭਾਰਤੀ ਟੀਮ ਦੂਜੀ ਪਾਰੀ ਵਿਚ 36 ਦੌੜਾਂ 'ਤੇ ਸਿਮਟ ਗਈ ਸੀ, ਜੋ ਟੈਸਟ ਇਤਿਹਾਸ ਵਿਚ ਭਾਰਤ ਦਾ ਸਭ ਤੋਂ ਘੱਟ ਸਕੋਰ ਸੀ।