IPL 2020: ਅੰਬਾਤੀ ਰਾਇਡੂ ਤੇ ਡੂ ਪਲੇਸਿਸ ਨੇ ਜੜ੍ਹੇ ਅਰਧ ਸੈਂਕੜੇ, ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਇਆ

Updated: Sun, Sep 20 2020 07:50 IST
IPL 2020: ਅੰਬਾਤੀ ਰਾਇਡੂ ਤੇ ਡੂ ਪਲੇਸਿਸ ਨੇ ਜੜ੍ਹੇ ਅਰਧ ਸੈਂਕੜੇ, ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 5 ਵਿ (BCCI)

ਚੇਨਈ ਸੁਪਰ ਕਿੰਗਜ਼ ਨੇ ਅਬੂ ਧਾਬੀ ਵਿਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਦੇ ਪਹਿਲੇ ਮੈਚ ਵਿਚ ਡਿਫੈਂਡਿੰਗ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਕੇ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ. ਅੰਬਾਤੀ ਰਾਇਡੂ ਅਤੇ ਫਾਫ ਡੂ ਪਲੇਸਿਸ ਨੇ ਚੇਨਈ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਤੇ ਦੋਵਾਂ ਨੇ ਸ਼ਾਨਦਾਰ ਅਰਧ ਸੈਂਕੜੇ ਜੜ੍ਹੇ।

ਹਾਲਾਂਕਿ, ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਮਾੜੀ ਰਹੀ ਅਤੇ ਸ਼ੇਨ ਵਾਟਸਨ (4) ਅਤੇ ਮੁਰਲੀ ​​ਵਿਜੇ (1) ਦੀ ਸ਼ੁਰੂਆਤੀ ਜੋੜੀ ਕੁੱਲ 6 ਦੌੜਾਂ 'ਤੇ ਪਵੇਲੀਅਨ ਪਰਤ ਗਈ। ਵਾਟਸਨ ਨੂੰ ਟ੍ਰੇਂਟ ਬੋਲਟ ਨੇ ਅਤੇ ਵਿਜੇ ਨੂੰ ਜੇਮਸ ਪੈਟੀਨਸਨ ਨੇ ਆਪਣਾ ਸ਼ਿਕਾਰ ਬਣਾਇਆ. ਇਸ ਤੋਂ ਬਾਅਦ ਅੰਬਾਤੀ ਰਾਇਡੂ ਅਤੇ ਫਾਫ ਡੂ ਪਲੇਸਿਸ ਨੇ ਮਿਲ ਕੇ ਤੀਜੇ ਵਿਕਟ ਲਈ 115 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।

ਰਾਇਡੂ ਨੇ 48 ਗੇਂਦਾਂ ਵਿਚ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ। ਉਹਨਾਂ ਨੂੰ ਸਪਿਨਰ ਰਾਹੁਲ ਚਾਹਰ ਨੇ ਆਉਟ ਕੀਤਾ। ਇਸ ਦੇ ਨਾਲ ਹੀ ਡੂ ਪਲੇਸਿਸ ਨੇ 43 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ ਅਜੇਤੂ 58 ਦੌੜਾਂ ਬਣਾਈਆਂ। ਅੰਤ ਵਿੱਚ, ਸੈਮ ਕਰੈਨ ਨੇ 6 ਗੇਂਦਾਂ ਵਿੱਚ 18 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤਾਉਣ ਵਿਚ ਵੱਡੀ ਭੂਮਿਕਾ ਨਿਭਾਈ।

ਮੁੰਬਈ ਲਈ ਜੇਮਸ ਪੈਟੀਨਸਨ, ਟ੍ਰੇਂਟ ਬੋਲਟ, ਰਾਹੁਲ ਚਾਹਰ ਅਤੇ ਕ੍ਰੂਨਲ ਪਾਂਡਿਆ ਨੇ 1-1 ਵਿਕਟ ਲਏ।

ਇਸ ਤੋਂ ਪਹਿਲਾਂ ਟਾੱਸ ਹਾਰਨ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਮੁੰਬਈ ਇੰਡੀਅਨਜ਼ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ ਨੌਂ ਵਿਕਟਾਂ ਗੁਆ ਕੇ 162 ਦੌੜਾਂ ਦਾ ਸਕੋਰ ਬਣਾਇਆ। ਮੁੰਬਈ ਦੀ ਸ਼ੁਰੂਆਤ ਕਾਫ਼ੀ ਤੇਜ਼ ਸੀ. ਕਪਤਾਨ ਰੋਹਿਤ ਸ਼ਰਮਾ ਅਤੇ ਕੁਇੰਟਨ ਡੀ ਕਾੱਕ ਦੀ ਜੋੜੀ ਨੇ ਚਾਰ ਓਵਰਾਂ ਵਿਚ 46 ਦੌੜਾਂ ਦੀ ਸਾਂਝੇਦਾਰੀ ਕੀਤੀ। ਪੰਜਵੇਂ ਓਵਰ ਵਿੱਚ ਡੀ ਕੌਕ ਨੇ ਰੋਹਿਤ ਨੂੰ ਸਟ੍ਰਾਈਕ ਦਿੱਤੀ। ਇਸ ਤੋਂ ਬਾਅਦ ਰੋਹਿਤ ਨੇ ਲੈੱਗ ਸਪਿਨਰ ਪਿਯੂਸ਼ ਚਾਵਲਾ ਨੂੰ ਮਿਡ-ਆੱਫ 'ਤੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਪਾਏ ਅਤੇ ਸੈਮ ਕਰੈਨ ਨੂੰ ਆਸਾਨ ਜਿਹਾ ਕੈਚ ਦੇ ਕੇ ਆਉਟ ਹੋ ਗਏ। ਰੋਹਿਤ ਨੇ ਸਿਰਫ 12 ਦੌੜਾਂ ਬਣਾਈਆਂ।

ਅਗਲੇ ਓਵਰ ਵਿੱਚ ਕਰੈਨ ਨੇ ਡੀ ਕੌੱਕ ਦੀ ਪਾਰੀ ਨੂੰ ਵੀ ਆਉਟ ਕਰ ਦਿੱਤਾ. ਡੀ ਕਾੱਕ ਨੇ 20 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਮੁੰਬਈ ਦਾ ਸਕੋਰ 48 ਦੌੜਾਂ 'ਤੇ ਦੋ ਵਿਕਟਾਂ ਸੀ। ਸੂਰਯਕੁਮਾਰ ਯਾਦਵ (17) ਅਤੇ ਸੌਰਵ ਤਿਵਾੜੀ (42) ਟੀਮ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਦੋਵਾਂ ਨੇ ਮਿਲਕੇ ਟੀਮ ਦਾ ਸਕੋਰ 92 ਦੌੜਾਂ 'ਤੇ ਪਹੁੰਚਾ ਵੀ ਦਿੱਤਾ ਸੀ. ਦੀਪਕ ਚਾਹਰ ਨੇ ਇਸ ਸਾਂਝੇਦਾਰੀ ਨੂੰ ਵੱਧਣ ਨਹੀਂ ਦਿੱਤਾ ਅਤੇ ਯਾਦਵ ਨੂੰ ਆਉਟ ਕਰਕੇ ਮੁੰਬਈ ਦੀ ਮੁਸ਼ਕਲਾਂ ਨੂੰ ਵੱਧਾ ਦਿੱਤਾ।

ਰਵਿੰਦਰ ਜਡੇਜਾ ਨੇ ਤਿਵਾਰੀ ਨੂੰ ਆਪਣਾ ਅਰਧ ਸੈਂਕੜਾ ਪੂਰਾ ਨਹੀਂ ਕਰਨ। ਦਿੱਤਾ ਅਤੇ 121 ਦੇ ਕੁਲ ਸਕੋਰ 'ਤੇ ਫਾਫ ਡੂ ਪਲੇਸਿਸ ਦੇ ਹੱਥੋਂ ਕੈਚ ਕਰਵਾ ਕੇ ਪਵੇਲੀਅਨ ਦੀ ਰਾਹ ਦਿਖਾਈ। ਤਿਵਾਰੀ ਨੇ 31 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ ਮਾਰਿਆ। ਉਹਨਾਂ ਦੇ ਆਉਟ ਹੋਣ ਤੋਂ ਬਾਅਦ ਮੁੰਬਈ ਦਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ ਅਤੇ 4 ਖਿਡਾਰੀ 41 ਦੌੜਾਂ ਦੇ ਅੰਦਰ ਆਉਟ ਹੋ ਗਏ।

ਚੇਨਈ ਲਈ ਲੁੰਗੀ ਐਂਗੀਡੀ ਨੇ ਤਿੰਨ ਵਿਕਟਾਂ ਲਈਆਂ। ਚਾਹਰ ਅਤੇ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ। ਕਰੈਨ ਅਤੇ ਚਾਵਲਾ ਨੂੰ ਇਕ-ਇਕ ਸਫਲਤਾ ਮਿਲੀ.

TAGS