IPL 2022: ਚੇਨਈ ਸੁਪਰ ਕਿੰਗਸ ਨੇ ਆਰਸੀਬੀ ਨੂੰ 23 ਦੌੜ੍ਹਾਂ ਨਾਲ ਹਰਾ ਕੇ ਹਾਸਲ ਕੀਤੀ ਪਹਿਲੀ ਜਿੱਤ
CSK Beat RCB: ਸ਼ਿਵਮ ਦੂਬੇ ਅਤੇ ਰੌਬਿਨ ਉਥੱਪਾ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਮਹੇਸ਼ ਥੀਕਸ਼ਾਨਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਚੇਨਈ ਸੁਪਰ ਕਿੰਗਜ਼ ਨੇ ਮੰਗਲਵਾਰ ਨੂੰ ਡੀ.ਵੀ.ਆਈ ਪਾਟਿਲ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. 2022 ਦੇ 22ਵੇੇਂ ਮੈਚ 'ਚ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ। ਰਾਇਲ ਚੈਲੰਜਰਜ਼ ਬੈਂਗਲੁਰੂ ਚੇੱਨਈ ਦੇ ਟੀਚੇ ਤੋਂ 23 ਦੌੜਾਂ ਪਿੱਛੇ ਰਹਿ ਗਈ ਅਤੇ ਮੌਜੂਦਾ ਚੈਂਪੀਅਨ ਚੇਨਈ ਨੇ ਪੰਜ ਮੈਚਾਂ ਵਿੱਚ ਪਹਿਲੀ ਜਿੱਤ ਹਾਸਲ ਕਰ ਲਈ।
217 ਦੌੜਾਂ ਦੇ ਵੱਡੇ ਟੀਚੇ ਦੇ ਜਵਾਬ ਵਿੱਚ ਬੈਂਗਲੁਰੂ ਦੀ ਟੀਮ 193 ਦੌੜਾਂ ਹੀ ਬਣਾ ਸਕੀ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 216 ਦੌੜਾਂ ਬਣਾਈਆਂ। ਜੋ ਕਿ ਸੀਜ਼ਨ ਵਿੱਚ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਹੈ। ਚੇਨਈ ਦੇ ਸ਼ਿਵਮ ਦੂਬੇ ਨੇ 46 ਗੇਂਦਾਂ 'ਤੇ ਪੰਜ ਚੌਕਿਆਂ ਅਤੇ ਅੱਠ ਛੱਕਿਆਂ ਦੀ ਮਦਦ ਨਾਲ ਅਜੇਤੂ 95 ਦੌੜਾਂ ਬਣਾਈਆਂ ਜਦਕਿ ਉਥੱਪਾ ਨੇ 50 ਗੇਂਦਾਂ 'ਚ ਚਾਰ ਚੌਕਿਆਂ ਅਤੇ ਨੌਂ ਛੱਕਿਆਂ ਦੀ ਮਦਦ ਨਾਲ 88 ਦੌੜਾਂ ਬਣਾਈਆਂ।
ਬੰਗਲੌਰ ਲਈ ਵਨਿੰਦੂ ਹਸਾਰੰਗਾ ਨੇ ਦੋ ਵਿਕਟਾਂ ਲਈਆਂ ਜਦਕਿ ਜੋਸ਼ ਹੇਜ਼ਲਵੁੱਡ ਨੇ ਇਕ ਵਿਕਟ ਲਈ। ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲੌਰ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਸਿਖਰਲੇ 4 ਬੱਲੇਬਾਜ਼ 50 ਦੌੜਾਂ ਦੇ ਕੁੱਲ ਸਕੋਰ ਤੱਕ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸ਼ਾਹਬਾਜ਼ ਅਹਿਮਦ (27 ਗੇਂਦਾਂ 'ਤੇ 41), ਸੁਯਸ਼ ਪ੍ਰਭੂਦੇਸਾਈ (18 ਗੇਂਦਾਂ 'ਤੇ 34 ਦੌੜਾਂ) ਅਤੇ ਦਿਨੇਸ਼ ਕਾਰਤਿਕ (14 ਗੇਂਦਾਂ 'ਤੇ 34 ਦੌੜਾਂ) ਨੇ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਨੂੰ ਟੀਚੇ ਦੇ ਨੇੜੇ ਪਹੁੰਚਾਇਆ।
ਜਿਸ ਕਾਰਨ ਬੈਂਗਲੁਰੂ ਨੇ ਨਿਰਧਾਰਿਤ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 193 ਦੌੜਾਂ ਬਣਾਈਆਂ। ਚੇਨਈ ਲਈ ਮਹੇਸ਼ ਥਿਕਸ਼ਨਾ ਨੇ ਚਾਰ, ਰਵਿੰਦਰ ਜਡੇਜਾ ਨੇ ਤਿੰਨ ਜਦਕਿ ਮੁਕੇਸ਼ ਚੌਧਰੀ ਅਤੇ ਡਵੇਨ ਬ੍ਰਾਵੋ ਨੇ ਇਕ-ਇਕ ਵਿਕਟ ਲਈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਜਿੱਤ ਤੋਂ ਬਾਅਦ ਸੀਐਸਕੇ ਦੀ ਟੀਮ ਕਿਸ ਤਰ੍ਹਾਂ ਟੂਰਨਾਮੇਂਟ ਵਿਚ ਵਾਪਸੀ ਕਰਦੀ ਹੈ।