ਬੇਨ ਸਟੋਕਸ ਅਤੇ ਮੈਕੁਲਮ 'ਤੇ ਭੜਕਿਆ ਮਾਈਕਲ ਵਾਨ, ਕਿਹਾ- 'ਵਿਸ਼ਵਾਸ ਨਹੀਂ ਆ ਰਿਹਾ ਫਿਰ ਉਹੀ ਗਲਤੀ ਕੀਤੀ'
ਸਾਬਕਾ ਕਪਤਾਨ ਮਾਈਕਲ ਵਾਨ ਭਾਰਤ ਦੇ ਖਿਲਾਫ ਮੁੜ ਤੋਂ ਨਿਰਧਾਰਿਤ ਟੈਸਟ ਮੈਚ 'ਚ ਇੰਗਲੈਂਡ ਦੀ ਰਣਨੀਤੀ ਨੂੰ ਲੈ ਕੇ ਕਾਫੀ ਪਰੇਸ਼ਾਨ ਨਜ਼ਰ ਆਏ। ਉਨ੍ਹਾਂ ਨੇ ਪਿਛਲੇ ਸਾਲ ਲਾਰਡਸ ਟੈਸਟ 'ਚ ਕੀਤੀਆਂ ਗਲਤੀਆਂ ਨੂੰ ਐਜਬੈਸਟਨ ਟੈਸਟ 'ਚ ਦੁਹਰਾਉਣ ਲਈ ਇੰਗਲੈਂਡ ਕ੍ਰਿਕਟ ਟੀਮ ਦੀ ਆਲੋਚਨਾ ਕੀਤੀ ਹੈ। ਵਾਨ ਦਾ ਇਸ਼ਾਰਾ ਜਸਪ੍ਰੀਤ ਬੁਮਰਾਹ ਵਿਰੁੱਧ ਸ਼ਾਰਟ-ਬਾਲ ਗੇਂਦਬਾਜ਼ੀ ਦੀ ਰਣਨੀਤੀ ਦੀ ਵਰਤੋਂ 'ਤੇ ਸੀ।
ਬੁਮਰਾਹ ਨੇ ਆਖਰੀ ਓਵਰਾਂ 'ਚ ਸਟੂਅਰਟ ਬ੍ਰਾਡ ਖਿਲਾਫ ਤੂਫਾਨੀ ਤਰੀਕੇ ਨਾਲ ਬੱਲੇਬਾਜ਼ੀ ਕੀਤੀ ਅਤੇ ਇਕ ਓਵਰ 'ਚ 35 ਦੌੜਾਂ ਬਣਾਈਆਂ। ਇਹ ਓਵਰ ਟੈਸਟ ਫਾਰਮੈਟ ਵਿੱਚ ਬ੍ਰਾਡ ਦੁਆਰਾ ਸੁੱਟਿਆ ਗਿਆ ਸਭ ਤੋਂ ਮਹਿੰਗਾ ਓਵਰ ਸੀ। ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਬੁਮਰਾਹ ਨੇ ਦੂਜੇ ਦਿਨ ਮਹੱਤਵਪੂਰਨ ਵਿਕਟਾਂ ਵੀ ਲਈਆਂ। ਬੁਮਰਾਹ ਦੀ ਬੱਲੇਬਾਜ਼ੀ ਦੌਰਾਨ ਇੰਗਲਿਸ਼ ਗੇਂਦਬਾਜ਼ ਉਸ 'ਤੇ ਬਾਊਂਸਰਾਂ ਦੀ ਵਰਤੋਂ ਕਰ ਰਹੇ ਸਨ ਅਤੇ ਉਹਨਾਂ ਦਾ ਇਹ ਸੱਟਾ ਬਿਲਕੁਲ ਗਲਤ ਸਾਬਤ ਹੋਇਆ।
ਮਾਈਕਲ ਵਾਨ ਨੇ ਕ੍ਰਿਕਬਜ਼ ਨਾਲ ਗੱਲਬਾਤ ਦੌਰਾਨ ਕਿਹਾ, “ਇੰਗਲੈਂਡ ਨੇ ਬਿਲਕੁਲ ਗਲਤ ਕੀਤਾ। ਮੈਂ ਬੇਨ ਸਟੋਕਸ ਅਤੇ ਬੇਜ਼ (ਬ੍ਰੈਂਡਨ) ਮੈਕੁਲਮ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਨੂੰ ਖੋਜੀ, ਰਚਨਾਤਮਕ ਅਤੇ ਆਉਟ ਆਫ ਬਾਕਸ ਵਾਲੀ ਸੋਚ ਪਸੰਦ ਹੈ। ਪਰ ਅਜਿਹਾ ਉਦੋਂ ਹੁੰਦਾ ਹੈ ਜਦੋਂ ਪਿੱਚ ਸਮਤਲ ਹੋਵੇ ਅਤੇ ਹਾਲਾਤ ਤੁਹਾਡੇ ਪੱਖ ਵਿੱਚ ਨਾ ਹੋਣ। ਐਜਬੈਸਟਨ ਵਿੱਚ ਚਾਰੇ ਪਾਸੇ ਬੱਦਲ ਛਾਏ ਹੋਏ ਸਨ। ਤੁਹਾਨੂੰ ਸਿਰਫ ਆਫ ਸਟੰਪ ਦੇ ਸਿਖਰ 'ਤੇ ਮਾਰਨਾ ਸੀ। ਤੁਹਾਡੇ ਕੋਲ ਬ੍ਰਾਡ ਸੀ ਅਤੇ (ਜੇਮਸ) ਐਂਡਰਸਨ ਅਤੇ ਜਸਪ੍ਰੀਤ ਬੁਮਰਾਹ ਥੋੜ੍ਹੀ ਜਿਹੀ ਬੱਲੇਬਾਜ਼ੀ ਕਰ ਸਕਦਾ ਸੀ।ਇਹ ਪਿਛਲੇ ਸਾਲ ਲਾਰਡਸ ਟੈਸਟ ਵਿੱਚ ਜੋ ਕੁਝ ਹੋਇਆ ਸੀ, ਉਸ ਨਾਲ ਮਿਲਦਾ-ਜੁਲਦਾ ਸੀ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਇਹਨਾਂ ਨੇ ਲਾਰਡਸ ਤੇ ਜੋ ਕੁਝ ਹੋਇਆ ਉਸ ਤੋਂ ਕੁਝ ਨਹੀਂ ਸਿੱਖਿਆ।"
ਉਸਨੇ ਅੱਗੇ ਕਿਹਾ, "ਬੈਜ਼ਬਾਲ (ਬ੍ਰੈਂਡਨ ਮੈਕੁਲਮ) ਦੇ ਦੌਰ ਵਿੱਚ, 25 ਮਿੰਟ ਬਾਕੀ ਸਨ ਅਤੇ ਤੁਸੀਂ ਨਾਈਟ ਵਾਚਮੈਨ ਨੂੰ ਭੇਜਿਆ ਸੀ, ਮੈਂ ਅਚਾਨਕ ਸੋਚਿਆ - ਇਹ ਕਿੱਥੋਂ ਆਇਆ? ਮੈਂ ਉਮੀਦ ਕਰ ਰਿਹਾ ਸੀ ਕਿ ਬੇਨ ਸਟੋਕਸ ਉੱਥੇ ਜਾ ਕੇ ਕੁਝ ਸ਼ਾਟ ਖੇਡੇਗਾ ਪਰ ਇੰਗਲੈਂਡ ਨੇ ਸਭ ਨੂੰ ਹੈਰਾਨ ਕਰ ਦਿੱਤਾ।"