ਜੋ ਰੂਟ ਅਤੇ ਜੌਨੀ ਬੇਅਰਸਟੋ ਦੇ ਤੂਫਾਨੀ ਸੈਂਕੜੇ, ਇੰਗਲੈਂਡ ਨੇ ਐਜਬੈਸਟਨ ਟੈਸਟ 7 ਵਿਕਟਾਂ ਨਾਲ ਜਿੱਤਿਆ
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਦੁਬਾਰਾ ਨਿਰਧਾਰਿਤ ਟੈਸਟ ਨੂੰ ਮੇਜ਼ਬਾਨ ਟੀਮ ਨੇ ਜੋ ਰੂਟ (142) ਅਤੇ ਜੌਨੀ ਬੇਅਰਸਟੋ (114) ਦੀਆਂ ਸ਼ਾਨਦਾਰ ਸੈਂਕੜੇ ਵਾਲੀਆਂ ਪਾਰੀਆਂ ਦੇ ਆਧਾਰ 'ਤੇ 7 ਵਿਕਟਾਂ ਨਾਲ ਜਿੱਤ ਲਿਆ। ਇਸ ਮੈਚ 'ਚ ਭਾਰਤੀ ਟੀਮ ਤਿੰਨ ਦਿਨ ਦੀ ਖੇਡ 'ਤੇ ਅੱਗੇ ਨਜ਼ਰ ਆਈ ਪਰ ਆਖਰੀ ਦੋ ਦਿਨਾਂ 'ਚ ਇੰਗਲੈਂਡ ਨੇ ਸਾਰੇ ਅੰਕੜੇ ਬਦਲਦੇ ਹੋਏ ਸਭ ਤੋਂ ਵੱਡੇ ਟੀਚੇ (378 ਦੌੜਾਂ) ਦਾ ਪਿੱਛਾ ਕਰਦੇ ਹੋਏ ਮੈਚ ਜਿੱਤ ਕੇ ਸੀਰੀਜ਼ 2-2 ਨਾਲ ਬਰਾਬਰ ਕਰ ਲਈ।
ਇਸ ਮੈਚ 'ਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਭਾਰਤੀ ਟੀਮ ਦਾ ਟਾਪ ਆਰਡਰ ਤਾਸ਼ ਦੇ ਪੱਤਿਆਂ ਵਾਂਗ ਚਕਨਾਚੂਰ ਹੋ ਗਿਆ। ਮਹਿਮਾਨ ਟੀਮ ਨੇ ਆਪਣੀ ਪਹਿਲੀ ਪਾਰੀ 'ਚ 98 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਰਿਸ਼ਭ ਪੰਤ (146) ਅਤੇ ਰਵਿੰਦਰ ਜਡੇਜਾ (104) ਨੇ ਸੈਂਕੜੇ ਲਗਾ ਕੇ ਟੀਮ ਨੂੰ ਸੰਭਾਲ ਲਿਆ। ਪੰਤ ਅਤੇ ਜਡੇਜਾ ਦੀ ਪਾਰੀ ਦੇ ਦਮ 'ਤੇ ਭਾਰਤੀ ਟੀਮ ਨੇ ਸਕੋਰ ਬੋਰਡ 'ਤੇ 416 ਦੌੜਾਂ ਬਣਾਈਆਂ। ਇਸ ਦੌਰਾਨ ਇੰਗਲੈਂਡ ਲਈ ਜੇਮਸ ਐਂਡਰਸਨ ਨੇ 5 ਵਿਕਟਾਂ ਲਈਆਂ।
ਭਾਰਤੀ ਸਕੋਰ ਦਾ ਜਵਾਬ ਦੇਣ ਉਤਰੀ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 284 ਦੌੜਾਂ ਹੀ ਬਣਾ ਸਕੀ। ਇੰਗਲੈਂਡ ਦਾ ਟਾਪ ਆਰਡਰ ਵੀ ਪੂਰੀ ਤਰ੍ਹਾਂ ਫਲਾਪ ਨਜ਼ਰ ਆਇਆ। ਪਰ ਇਸ ਤੋਂ ਬਾਅਦ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਜੌਨੀ ਬੇਅਰਸਟੋ ਨੇ 106 ਦੌੜਾਂ ਬਣਾ ਕੇ ਮੇਜ਼ਬਾਨ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਭਾਰਤੀ ਟੀਮ ਲਈ ਮੁਹੰਮਦ ਸਿਰਾਜ ਨੇ 4 ਅਤੇ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ।
ਮਹਿਮਾਨ ਟੀਮ ਨੇ ਪਹਿਲੀ ਪਾਰੀ ਤੋਂ ਬਾਅਦ ਇੰਗਲੈਂਡ 'ਤੇ 132 ਦੌੜਾਂ ਦੀ ਬੜ੍ਹਤ ਬਣਾ ਲਈ ਸੀ ਪਰ ਫਿਰ ਆਪਣੀ ਦੂਜੀ ਪਾਰੀ 'ਚ ਭਾਰਤ ਦੇ ਬੱਲੇਬਾਜ਼ਾਂ ਨੇ ਟੀਮ ਨੂੰ ਨਿਰਾਸ਼ ਕਰ ਦਿੱਤਾ। ਚੇਤੇਸ਼ਵਰ ਪੁਜਾਰਾ ਅਤੇ ਰਿਸ਼ਭ ਪੰਤ ਨੇ ਅਰਧ ਸੈਂਕੜੇ ਜੜੇ ਪਰ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਵੱਡਾ ਯੋਗਦਾਨ ਨਹੀਂ ਦੇ ਸਕਿਆ। ਭਾਰਤੀ ਟੀਮ ਦੂਜੀ ਪਾਰੀ 'ਚ 245 ਦੌੜਾਂ 'ਤੇ ਸਿਮਟ ਗਈ। ਇਸ ਦੌਰਾਨ ਇੰਗਲਿਸ਼ ਕਪਤਾਨ ਬੇਨ ਸਟੋਕਸ ਨੇ ਭਾਰਤੀ ਟੀਮ ਦੇ 4 ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ।
ਐਜਬੈਸਟਨ ਟੈਸਟ 'ਚ ਸ਼ਾਨਦਾਰ ਵਾਪਸੀ ਤੋਂ ਬਾਅਦ ਇੰਗਲੈਂਡ ਨੂੰ ਆਖਰੀ ਦੋ ਦਿਨਾਂ 'ਚ ਜਿੱਤ ਲਈ 378 ਦੌੜਾਂ ਦੀ ਲੋੜ ਸੀ। ਅਜਿਹੇ 'ਚ ਇੰਗਲਿਸ਼ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ ਸਕੋਰ ਬੋਰਡ 'ਤੇ 107 ਦੌੜਾਂ ਜੋੜੀਆਂ। ਸੈਂਕੜੇ ਦੀ ਸਾਂਝੇਦਾਰੀ ਤੋਂ ਬਾਅਦ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਨੂੰ ਇਕ ਤੋਂ ਬਾਅਦ ਇਕ ਦੋ ਝਟਕੇ ਦਿੱਤੇ ਪਰ ਇਸ ਦੇ ਬਾਵਜੂਦ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਦੌੜਾਂ ਦੀ ਰਫਤਾਰ ਨੂੰ ਮੱਠੀ ਨਹੀਂ ਪੈਣ ਦਿੱਤੀ। ਜੋ ਰੂਟ ਅਤੇ ਜੌਨੀ ਬੇਅਰਸਟੋ ਨੇ ਵਿਸਫੋਟਕ ਸੈਂਕੜਾ ਜੜਿਆ ਅਤੇ ਚੌਥੀ ਵਿਕਟ ਲਈ 269 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਰੂਟ ਅਤੇ ਬੇਅਰਸਟੋ ਨੇ ਆਪਣੀ ਪਾਰੀ ਦੇ ਦਮ 'ਤੇ ਇੰਗਲੈਂਡ ਨੂੰ ਪੰਜਵੇਂ ਦਿਨ ਆਸਾਨ ਜਿੱਤ ਦਿਵਾਈ।