ਇੰਗਲੈਂਡ ਨੇ ਟੀ-20 ਵਿਸ਼ਵ ਕੱਪ 2022 ਲਈ ਕੀਤਾ ਟੀਮ ਦਾ ਐਲਾਨ, ਜੇਸਨ ਰਾਏ ਨੂੰ ਨਹੀਂ ਮਿਲੀ ਜਗ੍ਹਾ
ਇੰਗਲੈਂਡ ਨੇ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। 15 ਮੈਂਬਰੀ ਟੀਮ ਦੀ ਅਗਵਾਈ ਜੋਸ ਬਟਲਰ ਕਰਨਗੇ, ਜਦਕਿ ਫਾਰਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਤੋਂ ਬਾਅਦ ਇੰਗਲੈਂਡ ਦੂਜੀ ਟੀਮ ਹੈ ਜਿਸ ਨੇ ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ।
ਇੰਗਲੈਂਡ ਦੀ ਟੀਮ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚੀ ਸੀ, ਜਿੱਥੇ ਉਸ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਨੇ ਆਖਰੀ ਵਾਰ 2010 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਇੰਗਲਿਸ਼ ਟੀਮ ਨੇ 2016 'ਚ ਵੀ ਫਾਈਨਲ 'ਚ ਜਗ੍ਹਾ ਬਣਾਈ ਸੀ ਜਿੱਥੇ ਉਸ ਨੂੰ ਮੈਚ ਦੇ ਆਖਰੀ ਓਵਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਉਹੀ ਮੈਚ ਸੀ ਜਿੱਥੇ ਕਾਰਲੋਸ ਬ੍ਰੈਥਵੇਟ ਨੇ ਬੇਨ ਸਟੋਕਸ ਦੇ ਆਖ਼ਰੀ ਓਵਰ ਵਿੱਚ ਲਗਾਤਾਰ ਚਾਰ ਛੱਕੇ ਜੜ ਕੇ ਵੈਸਟਇੰਡੀਜ਼ ਨੂੰ ਚੈਂਪੀਅਨ ਬਣਾਇਆ ਸੀ।
ਅਜਿਹੇ 'ਚ ਇੰਗਲੈਂਡ ਦੀ ਟੀਮ ਇਕ ਵਾਰ ਫਿਰ ICC ਟਰਾਫੀ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਇਸ ਵਾਰ ਉਸ ਦੀ ਟੀਮ ਹੋਰ ਵੀ ਮਜ਼ਬੂਤ ਨਜ਼ਰ ਆ ਰਹੀ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੋਸ ਬਟਲਰ ਆਪਣੀ ਟੀਮ ਨੂੰ ਟੀ-20 ਚੈਂਪੀਅਨ ਬਣਾਉਂਦੇ ਹਨ ਜਾਂ ਨਹੀਂ।
ਟੀ-20 ਵਿਸ਼ਵ ਕੱਪ 2022 ਲਈ ਇੰਗਲੈਂਡ ਦੀ ਟੀਮ
ਜੋਸ ਬਟਲਰ (ਕਪਤਾਨ) ਮੋਈਨ ਅਲੀ (ਉਪ ਕਪਤਾਨ) ਜੌਨੀ ਬੇਅਰਸਟੋ, ਹੈਰੀ ਬਰੁਕ, ਸੈਮ ਕੁਰਾਨ, ਕ੍ਰਿਸ ਜੌਰਡਨ, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਆਦਿਲ ਰਾਸ਼ਿਦ, ਫਿਲ ਸਾਲਟ, ਬੇਨ ਸਟੋਕਸ, ਰੀਸ ਟੋਪਲੇ, ਡੇਵਿਡ ਵਿਲੀ, ਕ੍ਰਿਸ ਵੋਕਸ, ਮਾਰਕ ਵੁੱਡ।
ਰਿਜ਼ਰਵ ਖਿਡਾਰੀ
ਲਿਆਮ ਡਾਸਨ, ਰਿਚਰਡ ਗਲੇਸਨ, ਟਾਇਮਲ ਮਿਲਜ਼।