ENG vs PAK: ਕ੍ਰਾੱਲੇ-ਬਟਲਰ ਤੋਂ ਬਾਅਦ ਜੇਮਸ ਐਂਡਰਸਨ ਨੇ ਮਚਾਈ ਤਬਾਹੀ, ਇੰਗਲੈਂਡ ਨੇ ਪਾਕਿਸਤਾਨ ਨੂੰ ਬੈਕਫੁੱਟ 'ਤੇ ਧੱਕਿਆ

Updated: Sun, Aug 23 2020 15:02 IST
England Cricket Team (Twitter)

ਜੈਕ ਕ੍ਰਾੱਲੇ (267) ਅਤੇ ਜੋਸ ਬਟਲਰ (152) ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਇੰਗਲੈਂਡ ਨੇ ਸਾਉਥੈਮਪਟਨ ਵਿਖੇ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਟੈਸਟ ਮੈਚ ਵਿੱਚ ਜੇਮਜ਼ ਐਂਡਰਸਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ (3/13) ਪਾਕਿਸਤਾਨ ਨੂੰ ਬੈਕਫੁੱਟ ਤੇ ਧੱਕ ਦਿੱਤਾ ਹੈ.

ਇੰਗਲੈਂਡ ਦੇ 583 ਦੌੜਾਂ ਦੇ ਵਿਸ਼ਾਲ ਸਕੋਰ ਤੋਂ ਬਾਅਦ ਪਾਕਿਸਤਾਨ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਪਹਿਲੀ ਪਾਰੀ ਵਿਚ ਸਿਰਫ 24 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਇੰਗਲੈਂਡ ਲਈ ਤਿੰਨੋਂ ਵਿਕਟਾਂ ਤਜਰਬੇਕਾਰ ਗੇਂਦਬਾਜ਼ ਜੇਮਸ ਐਂਡਰਸਨ ਨੇ ਲਈਆਂ। ਹਾਲਾਂਕਿ ਪਾਕਿਸਤਾਨ ਲਈ ਕਪਤਾਨ ਅਜ਼ਹਰ ਅਲੀ 4 ਦੌੜਾਂ ਬਣਾ ਕੇ ਨਾਬਾਦ ਪਰਤਿਆ।

ਇਸ ਤੋਂ ਪਹਿਲਾਂ ਮੇਜ਼ਬਾਨ ਇੰਗਲੈਂਡ ਨੇ ਪਹਿਲੀ ਪਾਰੀ ਵਿਚ 8 ਵਿਕਟਾਂ ਦੇ ਨੁਕਸਾਨ ‘ਤੇ 583 ਦੌੜਾਂ ਬਣਾ ਕੇ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ। ਜੈਕ ਕ੍ਰਾੱਲੇ ਨੇ 393 ਗੇਂਦਾਂ ਵਿਚ 34 ਚੌਕਿਆਂ ਅਤੇ 1 ਛੱਕਿਆਂ ਦੀ ਮਦਦ ਨਾਲ 267 ਦੌੜਾਂ ਬਣਾਈਆਂ, ਹਾਲਾਂਕਿ ਬਦਕਿਸਮਤੀ ਨਾਲ ਉਹ ਆਪਣੇ ਪਹਿਲੇ ਸੈਂਕੜੇ ਨੂੰ ਆਪਣੇ ਪਹਿਲੇ ਤੀਹਰੇ ਸੈਂਕੜੇ ਵਿਚ ਬਦਲਣ ਤੋਂ ਚੁੱਕ ਗਏ। ਬਟਲਰ 311 ਗੇਂਦਾਂ ਵਿਚ 13 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 152 ਦੌੜਾਂ ਬਣਾ ਸਕਿਆ। ਦੋਵੇਂ ਬੱਲੇਬਾਜ਼ਾਂ ਨੇ ਪੰਜਵੇਂ ਵਿਕਟ ਲਈ 359 ਦੌੜਾਂ ਦੀ ਸਾਂਝੇਦਾਰੀ ਕੀਤੀ।

ਪਾਕਿਸਤਾਨ ਵੱਲੋਂ ਯਾਸੀਰ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ ਅਤੇ ਫਵਾਦ ਆਲਮ ਨੇ ਦੋ-ਦੋ ਵਿਕਟਾਂ ਲਈਆਂ, ਜਦੋਂਕਿ ਨਸੀਮ ਸ਼ਾਹ ਅਤੇ ਅਸਦ ਸ਼ਫੀਕ ਨੇ ਇਕ-ਇਕ ਵਿਕਟ ਲਿਆ।

TAGS