ENG vs AUS: ਈਓਨ ਮੋਰਗਨ ਨੇ ਰਚਿਆ ਇਤਿਹਾਸ, ਇੰਗਲੈਂਡ ਲਈ 100 ਅੰਤਰਰਾਸ਼ਟਰੀ ਮੈਚ ਜਿੱਤਣ ਵਾਲੇ ਪਹਿਲੇ ਕਪਤਾਨ ਬਣੇ
ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਮੇਜ਼ਬਾਨ ਇੰਗਲੈਂਡ ਨੇ ਮੈਨਚੇਸਟਰ ਵਿੱਚ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਆਸਟਰੇਲੀਆ ਨੂੰ 24 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਇੰਗਲੈਂਡ ਨੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰੀ ਕਰ ਲਈ ਹੈ। ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਬੁੱਧਵਾਰ (16 ਸਤੰਬਰ) ਨੂੰ ਇਸੇ ਮੈਦਾਨ 'ਤੇ ਖੇਡਿਆ ਜਾਵੇਗਾ।
ਕਪਤਾਨ ਈਯਨ ਮੋਰਗਨ ਨੇ ਦੂਜੇ ਵਨਡੇ ਮੈਚ ਵਿਚ ਸ਼ਾਨਦਾਰ ਜਿੱਤ ਨਾਲ ਇਕ ਖ਼ਾਸ ਰਿਕਾਰਡ ਆਪਣੇ ਨਾਂ ਕੀਤਾ, ਜੋ ਇਸ ਤੋਂ ਪਹਿਲਾਂ ਇੰਗਲੈਂਡ ਦਾ ਕੋਈ ਕਪਤਾਨ ਨਹੀਂ ਕਰ ਸਕਿਆ ਸੀ।
ਇੰਗਲੈਂਡ ਦੇ ਕਪਤਾਨ ਵਜੋਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਇੰਗਲੈਂਡ ਦੀ ਇਹ 100 ਵੀਂ ਜਿੱਤ ਹੈ। ਉਹ ਇਹ ਮੁਕਾਮ ਹਾਸਲ ਕਰਨ ਵਾਲਾੇ ਇੰਗਲੈਂਡ ਦੇ ਪਹਿਲੇ ਕਪਤਾਨ ਅਤੇ ਦੁਨੀਆ ਦੇ 13 ਵੇਂ ਕਪਤਾਨ ਬਣ ਗਏ ਹਨ। ਮੋਰਗਨ ਨੇ 119 ਵਨਡੇ ਮੈਚਾਂ ਵਿਚ ਇੰਗਲੈਂਡ ਦੀ ਟੀਮ ਦੀ ਕਪਤਾਨੀ ਕੀਤੀ ਹੈ, ਜਿਸ ਵਿਚ 72 ਮੈਚਾਂ ਵਿਚ ਟੀਮ ਜੇਤੂ ਰਹੀ। ਇਸ ਦੇ ਨਾਲ ਹੀ ਟੀ -20 ਕੌਮਾਂਤਰੀ ਮੈਚਾਂ ਵਿੱਚ 51 ਮੈਚਾਂ ਦੀ ਕਪਤਾਨੀ ਕਰਦਿਆਂ, ਉਹਨਾਂ ਨੇ ਟੀਮ ਨੂੰ 28 ਵਾਰ ਜਿੱਤ ਦਿਲਵਾਈ।
ਮੋਰਗਨ ਤੋਂ ਪਹਿਲਾਂ ਰਿਕੀ ਪੋਂਟਿੰਗ (220), ਐਮਐਸ ਧੋਨੀ (178), ਗ੍ਰੇਮ ਸਮਿੱਥ (163), ਐਲਨ ਬਾਰਡਰ (139), ਸਟੀਫਨ ਫਲੇਮਿੰਗ (128), ਹੈਂਸੀ ਕਰੋਨਿਏ (126), ਵਿਰਾਟ ਕੋਹਲੀ (117), ਸਟੀਵ ਵਾੱ (108) ਮੁਹੰਮਦ ਅਜ਼ਹਰੂਦੀਨ (104), ਅਰਜੁਨ ਰਾਣਾਤੁੰਗਾ (101), ਮਹੇਲਾ ਜੈਵਰਧਨੇ (101) ਅਤੇ ਕਲਾਈਵ ਲੋਇਡ (100) ਵਰਗੇ ਮਹਾਨ ਕਪਤਾਨ ਹੀ ਇਹ ਉਪਲਬਧੀ ਹਾਸਲ ਕਰ ਸਕੇ ਹਨ।