'ਭਾਰਤ ਦੇ ਸੈਮੀਫਾਈਨਲ 'ਚ ਪਹੁੰਚਣ ਦੀ 30 ਫੀਸਦੀ ਸੰਭਾਵਨਾ ਹੈ', ਕਪਿਲ ਦੇਵ ਦੇ ਬਿਆਨ ਨੇ ਮਚਾਈ ਦਹਿਸ਼ਤ
1983 ਦੇ ਵਿਸ਼ਵ ਕੱਪ ਜੇਤੂ ਕਪਤਾਨ ਅਤੇ ਆਪਣੇ ਦੌਰ ਦੇ ਸਭ ਤੋਂ ਵਧੀਆ ਆਲਰਾਊਂਡਰਾਂ ਵਿੱਚੋਂ ਇੱਕ ਕਪਿਲ ਦੇਵ ਦਾ ਮੰਨਣਾ ਹੈ ਕਿ ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਸੰਭਾਵਨਾ ਸਿਰਫ਼ 30 ਫੀਸਦੀ ਹੈ। ਕਪਿਲ ਦੇ ਇਸ ਬਿਆਨ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਕਈ ਪ੍ਰਸ਼ੰਸਕ ਕਪਿਲ ਨੂੰ ਟ੍ਰੋਲ ਵੀ ਕਰ ਰਹੇ ਹਨ।
ਕਪਿਲ ਦੇਵ ਨੇ ਕਿਹਾ ਹੈ ਕਿ ਟੀਮ ਇੰਡੀਆ ਦੀ ਸਫਲਤਾ ਉਨ੍ਹਾਂ ਦੇ ਆਲਰਾਊਂਡਰਾਂ ਦੀ ਗਿਣਤੀ 'ਤੇ ਨਿਰਭਰ ਕਰੇਗੀ। ਲਖਨਊ ਵਿੱਚ ਇੱਕ ਪ੍ਰਮੋਸ਼ਨਲ ਈਵੈਂਟ ਦੌਰਾਨ ਕਪਿਲ ਦੇਵ ਨੇ ਕਿਹਾ, “ਤੁਸੀਂ ਇੱਕ ਟੀਮ ਵਿੱਚ ਇੱਕ ਆਲਰਾਊਂਡਰ ਤੋਂ ਇਲਾਵਾ ਹੋਰ ਕੀ ਚਾਹੁੰਦੇ ਹੋ ਜੋ ਵਿਸ਼ਵ ਕੱਪ ਵਿੱਚ ਹੀ ਨਹੀਂ ਬਲਕਿ ਹੋਰ ਸਾਰੇ ਮੈਚਾਂ ਜਾਂ ਈਵੈਂਟਾਂ ਵਿੱਚ ਟੀਮ ਲਈ ਮੈਚ ਜਿੱਤ ਸਕੇ? ਹਾਰਦਿਕ ਪੰਡਯਾ ਵਰਗਾ ਕ੍ਰਿਕਟਰ ਭਾਰਤ ਲਈ ਕਾਫੀ ਫਾਇਦੇਮੰਦ ਰਿਹਾ ਹੈ। ਹਰਫਨਮੌਲਾ ਕਿਸੇ ਵੀ ਟੀਮ ਦੇ ਮੁੱਖ ਖਿਡਾਰੀ ਹੁੰਦੇ ਹਨ ਅਤੇ ਉਹ ਟੀਮ ਦੀ ਤਾਕਤ ਬਣਦੇ ਹਨ। ਹਾਰਦਿਕ ਵਰਗਾ ਹਰਫ਼ਨਮੌਲਾ ਰੋਹਿਤ ਸ਼ਰਮਾ ਨੂੰ ਮੈਚ ਵਿੱਚ ਛੇਵੇਂ ਗੇਂਦਬਾਜ਼ ਦੀ ਵਰਤੋਂ ਕਰਨ ਦੀ ਆਜ਼ਾਦੀ ਦਿੰਦਾ ਹੈ। ਉਹ ਇੱਕ ਚੰਗਾ ਬੱਲੇਬਾਜ਼, ਗੇਂਦਬਾਜ਼ ਅਤੇ ਫੀਲਡਰ ਵੀ ਹੈ।"
ਅੱਗੇ ਬੋਲਦੇ ਹੋਏ ਕਪਿਲ ਨੇ ਕਿਹਾ, "ਸਾਡੇ ਦਿਨਾਂ ਵਿੱਚ ਵੀ ਭਾਰਤ ਦੀ ਟੀਮ ਵਿੱਚ ਸਾਡੇ ਕੋਲ ਬਹੁਤ ਸਾਰੇ ਆਲਰਾਊਂਡਰ ਸਨ। ਟੀ-20 ਕ੍ਰਿਕਟ ਵਿੱਚ ਜੋ ਟੀਮ ਇੱਕ ਮੈਚ ਜਿੱਤਦੀ ਹੈ, ਉਹ ਅਗਲਾ ਮੈਚ ਹਾਰ ਸਕਦੀ ਹੈ। ਭਾਰਤ ਦੇ ਵਿਸ਼ਵ ਕੱਪ ਜਿੱਤਣ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਨਾ ਮੁਸ਼ਕਲ ਹੈ। ਮੁੱਦਾ ਇਹ ਹੈ ਕਿ ਕੀ ਉਹ ਸਿਖਰਲੇ ਚਾਰ ਵਿੱਚ ਥਾਂ ਬਣਾ ਸਕਣਗੇ? ਮੈਂ ਉਹਨਾਂ ਦੇ ਸਿਖਰਲੇ ਚਾਰ ਵਿੱਚ ਥਾਂ ਬਣਾਉਣ ਬਾਰੇ ਚਿੰਤਤ ਹਾਂ, ਫਿਰ ਹੀ ਕੁਝ ਕਿਹਾ ਜਾ ਸਕਦਾ ਹੈ। ਮੇਰੇ ਲਈ, ਚੋਟੀ ਦੇ ਚਾਰ ਵਿੱਚ ਥਾਂ ਬਣਾਉਣ ਦੇ ਮਾਮਲੇ ਵਿਚ ਭਾਰਤ ਦੀ ਸੰਭਾਵਨਾ ਸਿਰਫ 30% ਹੈ।"
ਪੰਡਯਾ ਨੂੰ ਇੱਕ ਹੋਰ 'ਕਪਿਲ ਦੇਵ' ਕਹੇ ਜਾਣ ਬਾਰੇ ਪੁੱਛੇ ਜਾਣ 'ਤੇ ਸਾਬਕਾ ਭਾਰਤੀ ਕਪਤਾਨ ਨੇ ਕਿਹਾ, "ਸਾਡੇ ਦਿਨਾਂ ਵਿੱਚ ਵੀ, ਸਾਡੇ ਕੋਲ ਆਈਡਲ ਸਨ, ਅਸੀਂ ਉਨ੍ਹਾਂ ਨੂੰ ਫੋਲੋ ਕਰਦੇ ਸੀ। ਇਹ ਚੰਗੀ ਗੱਲ ਹੈ ਕਿ ਨੌਜਵਾਨ ਕ੍ਰਿਕਟਰ ਅਜਿਹਾ ਕਰਦੇ ਹਨ। ਨਵੇਂ ਮਾਪਦੰਡ ਸਥਾਪਤ ਕੀਤੇ ਜਾ ਰਹੇ ਹਨ। ਇੱਕ ਟੀਮ ਲਈ ਇਹ ਬਹੁਤ ਵਧੀਆ ਸੰਕੇਤ ਹੈ ਅਤੇ ਮੇਰਾ ਮੰਨਣਾ ਹੈ ਕਿ ਹਰ ਕਿਸੇ ਨੂੰ ਬਹੁਤ ਉੱਚੇ ਮਾਪਦੰਡ ਸਥਾਪਤ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ।"