ਗੌਤਮ ਗੰਭੀਰ 35 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ 'ਤੇ ਭੜਕੇ
ਹਾਰਦਿਕ ਪੰਡਯਾ ਦੇ ਹਰਫਨਮੌਲਾ ਪ੍ਰਦਰਸ਼ਨ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਭਾਰਤੀ ਟੀਮ ਨੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿਰਾਟ ਕੋਹਲੀ 'ਤੇ ਟਿਕੀਆਂ ਹੋਈਆਂ ਸਨ ਅਤੇ ਵਿਰਾਟ ਨੇ ਵੀ 35 ਦੌੜਾਂ ਬਣਾ ਕੇ ਫਾਰਮ 'ਚ ਵਾਪਸੀ ਦੇ ਸੰਕੇਤ ਦਿੱਤੇ ਸਨ ਪਰ ਉਸ ਦੀ ਇਸ ਪਾਰੀ ਦੇ ਬਾਵਜੂਦ ਗੌਤਮ ਗੰਭੀਰ ਉਸ 'ਤੇ ਗੁੱਸੇ ਹੋ ਗਏ।
ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ ਵਿਰਾਟ ਕੋਹਲੀ ਨੇ ਮੁਹੰਮਦ ਨਵਾਜ਼ ਦੀ ਗੇਂਦ 'ਤੇ ਆਪਣਾ ਵਿਕਟ ਸੁੱਟਿਆ। ਉਸ ਤੋਂ ਕੁਝ ਸਮਾਂ ਪਹਿਲਾਂ ਰੋਹਿਤ ਸ਼ਰਮਾ ਨੇ ਵੀ ਵੱਡਾ ਸ਼ਾਟ ਖੇਡਣ ਦੇ ਚੱਕਰ 'ਚ ਆਪਣਾ ਵਿਕਟ ਗੁਆ ਦਿੱਤਾ ਸੀ। ਵਿਰਾਟ ਕੋਹਲੀ ਨੇ ਜਿਸ ਤਰ੍ਹਾਂ ਦਾ ਸ਼ਾਟ ਖੇਡਿਆ, ਗੰਭੀਰ ਨੂੰ ਉਹ ਸ਼ਾਟ ਪਸੰਦ ਨਹੀਂ ਆਇਆ ਅਤੇ ਮੈਚ ਤੋਂ ਬਾਅਦ ਉਹ ਵਿਰਾਟ ਤੇ ਸਵਾਲ ਚੁੱਕਦੇ ਦਿਖੇ।
ਸਟਾਰ ਸਪੋਰਟਸ 'ਤੇ ਗੱਲ ਕਰਦੇ ਹੋਏ ਗੰਭੀਰ ਨੇ ਕਿਹਾ, ''ਉਹ ਬਹੁਤ ਨਿਰਾਸ਼ ਹੋਵੇਗਾ ਕਿਉਂਕਿ ਰੋਹਿਤ ਸ਼ਰਮਾ ਦਾ ਵਿਕਟ ਹੁਣੇ ਹੀ ਡਿੱਗਿਆ ਸੀ ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਅਜਿਹਾ ਸ਼ਾਟ ਖੇਡਦੇ ਹੋ ਤਾਂ ਚੰਗਾ ਹੈ ਕਿ ਇਕ ਨੌਜਵਾਨ ਨੇ ਉਹ ਸ਼ਾਟ ਨਹੀਂ ਖੇਡਿਆ। ਜੇਕਰ ਕੋਈ ਨੌਜਵਾਨ ਖਿਡਾਰੀ ਇਸ ਤਰ੍ਹਾਂ ਖੇਡਦਾ ਤਾਂ ਬਹੁਤ ਆਲੋਚਨਾ ਹੋਣੀ ਸੀ।''
ਅੱਗੇ ਬੋਲਦੇ ਹੋਏ ਗੰਭੀਰ ਨੇ ਕਿਹਾ, ''ਮੈਨੂੰ ਯਕੀਨ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ 'ਚ ਉਸ ਨੇ ਜਿੰਨੀਆਂ ਵੀ ਦੌੜਾਂ ਬਣਾਈਆਂ ਹਨ, ਜਦੋਂ ਉਹ ਇਸ ਸ਼ਾਟ ਨੂੰ ਦੇਖੇਗਾ ਤਾਂ ਉਹ ਖੁਦ ਦੱਸ ਦੇਵੇਗਾ ਕਿ ਇਸ ਸ਼ਾਟ ਨੂੰ ਖੇਡਣ ਦੀ ਕੋਈ ਲੋੜ ਨਹੀਂ ਸੀ। ਤੁਸੀਂ 34 ਗੇਂਦਾਂ ਖੇਡੀਆਂ ਅਤੇ 35 ਦੌੜਾਂ ਬਣਾਈਆਂ। ਤੁਹਾਡਾ ਕਪਤਾਨ ਹੁਣੇ ਹੀ ਆਊਟ ਹੋਇਆ ਸੀ, ਇਸ ਲਈ ਤੁਹਾਡੇ ਕੋਲ ਆਪਣੀ ਪਾਰੀ ਨੂੰ ਥੋੜਾ ਹੋਰ ਮਜ਼ਬੂਤ ਕਰਨ ਦਾ ਮੌਕਾ ਸੀ। ਇਸ ਲਈ ਚੀਜ਼ਾਂ ਆਸਾਨ ਹੋ ਸਕਦੀਆਂ ਸਨ।"