ਵਕਾਰ ਯੂਨਿਸ ਨੇ ਟੀਮ ਇੰਡੀਆ 'ਤੇ ਕੱਸਿਆ ਤੰਜ਼, ਕਿਹਾ- 'ਹੁਣ ਟਾੱਪ ਆਰਡਰ ਲਵੇਗਾ ਰਾਹਤ ਦਾ ਸਾਹ'
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਗੋਡੇ ਦੀ ਸੱਟ ਕਾਰਨ 2022 ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। ਅਫਰੀਦੀ ਦਾ ਏਸ਼ੀਆ ਕੱਪ ਤੋਂ ਬਾਹਰ ਹੋਣਾ ਬਾਬਰ ਆਜ਼ਮ ਦੀ ਟੀਮ ਲਈ ਵੱਡਾ ਝਟਕਾ ਹੈ। ਇਸ ਤੋਂ ਪਹਿਲਾਂ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਖਰੀ ਵਾਰ ਟੱਕਰ ਹੋਈ ਸੀ ਤਾਂ ਸ਼ਾਹੀਨ ਨੇ ਟੀ-20 ਵਿਸ਼ਵ ਕੱਪ 2021 'ਚ ਪਾਕਿਸਤਾਨ ਦੀ ਜਿੱਤ 'ਚ ਵੱਡੀ ਭੂਮਿਕਾ ਨਿਭਾਈ ਸੀ। ਇਸ ਲਈ ਪਾਕਿਸਤਾਨੀ ਟੀਮ ਨੂੰ ਸ਼ਾਹੀਨ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ।
ਪਾਕਿਸਤਾਨ ਕ੍ਰਿਕਟ 'ਚ ਇਸ ਗੱਲ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਕਿ ਸ਼ਾਹੀਨ ਦੀ ਜਗ੍ਹਾ ਕੌਣ ਲੈ ਸਕਦਾ ਹੈ। ਇਸ ਦੇ ਨਾਲ ਹੀ ਸ਼ਾਹੀਨ ਦੇ ਬਾਹਰ ਹੋਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਕੋਚ ਵਕਾਰ ਯੂਨਿਸ ਨੇ ਵੀ ਭਾਰਤੀ ਟੀਮ 'ਤੇ ਤੰਜ਼ ਕੱਸਿਆ ਹੈ। ਯੂਨਿਸ ਨੂੰ ਲੱਗਦਾ ਹੈ ਕਿ ਸ਼ਾਹੀਨ ਦੇ ਬਾਹਰ ਹੋਣ ਤੋਂ ਬਾਅਦ ਭਾਰਤੀ ਸਿਖਰਲੇ ਕ੍ਰਮ ਦੇ ਬੱਲੇਬਾਜ਼ ਸੁੱਖ ਦਾ ਸਾਹ ਲੈਣਗੇ।
ਯੂਨਿਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਲਿਖਿਆ, "ਸ਼ਾਹੀਨ ਦੀ ਸੱਟ ਭਾਰਤੀ ਟਾੱਰ ਆਰਡਰ ਦੇ ਬੱਲੇਬਾਜ਼ਾਂ ਲਈ ਵੱਡੀ ਰਾਹਤ ਹੈ। ਦੁੱਖ ਦੀ ਗੱਲ ਹੈ ਕਿ ਅਸੀਂ ਉਸ ਨੂੰ ਏਸ਼ੀਆ ਕੱਪ 2022 'ਚ ਨਹੀਂ ਦੇਖ ਸਕਾਂਗੇ। ਚੈਂਪੀਅਨ ਸ਼ਾਹੀਨ ਅਫਰੀਦੀ ਜਲਦੀ ਫਿਟ ਹੋਵੋ।"
ਭਾਰਤੀ ਪ੍ਰਸ਼ੰਸਕਾਂ ਨੂੰ ਯੂਨਿਸ ਦਾ ਇਹ ਬਿਆਨ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਵੀ ਯੂਨਿਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਭਾਰਤੀ ਪ੍ਰਸ਼ੰਸਕਾਂ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਯੂਨਿਸ ਨੂੰ ਮੈਥਿਊ ਵੇਡ ਦੀ ਯਾਦ ਦਿਵਾਈ ਅਤੇ ਲਿਖਿਆ ਕਿ ਕਿਸ ਤਰ੍ਹਾਂ ਵੇਡ ਨੇ ਸ਼ਾਹੀਨ ਅਫਰੀਦੀ ਦੀ ਕੁਟਾਈ ਕੀਤੀ ਸੀ ਅਤੇ ਪਾਕਿਸਤਾਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਸੀ। ਹਾਲਾਂਕਿ ਇਹ ਟ੍ਰੋਲਿੰਗ ਜਾਰੀ ਰਹੇਗੀ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਕਿਸਤਾਨੀ ਟੀਮ 'ਚ ਸ਼ਾਹੀਨ ਦੀ ਜਗ੍ਹਾ ਕੌਣ ਸ਼ਾਮਲ ਹੁੰਦਾ ਹੈ।