IPL 2022: ਗੁਜਰਾਤ ਟਾਈਟਨਸ ਨੇ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਹਰਾਇਆ, ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ
GT beat LSG: ਸ਼ੁਭਮਨ ਗਿੱਲ ਦੇ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ, ਗੁਜਰਾਤ ਟਾਈਟਨਸ ਨੇ ਮੰਗਲਵਾਰ (10 ਮਈ) ਨੂੰ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਗੁਜਰਾਤ ਇਸ ਸੀਜ਼ਨ ਵਿੱਚ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਗੁਜਰਾਤ ਦੀ 12 ਮੈਚਾਂ ਵਿੱਚ ਇਹ ਨੌਵੀਂ ਜਿੱਤ ਹੈ ਅਤੇ ਟੀਮ ਦੇ 18 ਅੰਕ ਹਨ।
ਗੁਜਰਾਤ ਦੀਆਂ 144 ਦੌੜਾਂ ਦੇ ਜਵਾਬ 'ਚ ਲਖਨਊ ਦੀ ਟੀਮ 13.5 ਓਵਰਾਂ 'ਚ 82 ਦੌੜਾਂ 'ਤੇ ਆਲ ਆਊਟ ਹੋ ਗਈ। ਸ਼ੁਭਮਨ ਗਿੱਲ ਨੂੰ ਉਸ ਦੇ ਸ਼ਾਨਦਾਰ ਅਰਧ ਸੈਂਕੜੇ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ 19 ਦੌੜਾਂ ਦੇ ਕੁੱਲ ਸਕੋਰ 'ਤੇ ਕਵਿੰਟਨ ਡੀ ਕਾਕ ਦੇ ਰੂਪ 'ਚ ਪਹਿਲਾ ਝਟਕਾ ਲੱਗਾ। ਇਸ ਤੋਂ ਬਾਅਦ ਥੋੜ੍ਹੇ-ਥੋੜ੍ਹੇ ਸਮੇਂ 'ਚ ਵਿਕਟਾਂ ਡਿੱਗਦੀਆਂ ਰਹੀਆਂ। ਦੀਪਕ ਹੁੱਡਾ ਨੇ ਸਭ ਤੋਂ ਵੱਧ 27 ਦੌੜਾਂ ਦੀ ਪਾਰੀ ਖੇਡੀ। ਟੀਮ ਦੇ 8 ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ।
ਗੇਂਦਬਾਜ਼ੀ 'ਚ ਗੁਜਰਾਤ ਲਈ ਰਾਸ਼ਿਦ ਖਾਨ ਨੇ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਾਈ ਕਿਸ਼ੋਰ ਅਤੇ ਯਸ਼ ਦਿਆਲ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਮੁਹੰਮਦ ਸ਼ਮੀ ਨੇ ਇਕ ਵਿਕਟ ਲਈ।ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਸ ਨੂੰ 8 ਦੌੜਾਂ ਦੇ ਕੁੱਲ ਸਕੋਰ 'ਤੇ ਰਿਧੀਮਾਨ ਸਾਹਾ ਦੇ ਰੂਪ 'ਚ ਪਹਿਲਾ ਝਟਕਾ ਲੱਗਾ। ਉਸ ਨੂੰ ਮੋਹੀਸਨ ਖਾਨ ਨੇ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਅਵੇਸ਼ ਖਾਨ ਨੇ ਮੈਥਿਊ ਵੇਡ (10) ਅਤੇ ਹਾਰਦਿਕ ਪੰਡਯਾ (11) ਨੂੰ 24 ਦੌੜਾਂ 'ਤੇ ਆਊਟ ਕਰਕੇ ਗੁਜਰਾਤ ਨੂੰ ਬੈਕਫੁੱਟ ਤੇ ਧਕੇਲ ਦਿੱਤਾ।
ਇਕ ਸਿਰੇ 'ਤੇ ਜੰਮੇ ਰਹੇ ਸ਼ੁਭਮਨ ਨੇ ਡੇਵਿਡ ਮਿਲਰ (26 ਦੌੜਾਂ) ਨਾਲ ਚੌਥੀ ਵਿਕਟ ਲਈ 52 ਦੌੜਾਂ ਜੋੜੀਆਂ। ਜੇਸਨ ਹੋਲਡਰ ਨੇ ਮਿਲਰ ਨੂੰ ਆਊਟ ਕਰਕੇ ਸਾਂਝੇਦਾਰੀ ਤੋੜੀ। ਗਿੱਲ ਨੇ 49 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ ਅਜੇਤੂ 63 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਾਹੁਲ ਤੇਵਤੀਆ ਦੀਆਂ ਅਜੇਤੂ 22 ਦੌੜਾਂ ਦੀ ਮਦਦ ਨਾਲ ਗੁਜਰਾਤ ਟਾਈਟਨਜ਼ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ।