IPL 2022: ਡੇਵਿਡ ਮਿਲਰ ਦੇ ਤੂਫਾਨ ਚ ਉੱਡੀ ਚੇਨਈ ਸੁਪਰ ਕਿੰਗਜ਼, ਗੁਜਰਾਤ ਟਾਈਟਨਸ 3 ਵਿਕਟਾਂ ਨਾਲ ਜਿੱਤਿਆ
ਆਈਪੀਐਲ 2022: ਡੇਵਿਡ ਮਿਲਰ (ਨਾਬਾਦ 94) ਅਤੇ ਰਾਸ਼ਿਦ ਖਾਨ (40) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ, ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਇੱਥੇ ਐਤਵਾਰ ਨੂੰ ਮਿਲਰ ਅਤੇ ਰਾਸ਼ਿਦ ਨੇ ਟੀਮ ਲਈ 70 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਡੇਵਿਡ ਮਿਲਰ ਮੈਚ ਦਾ ‘ਮੈਨ ਆਫ ਦਾ ਮੈਚ’ ਰਿਹਾ।
ਇਸ ਤੋਂ ਪਹਿਲਾਂ ਚੇਨਈ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਬਣਾਈਆਂ। 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਕੇਸ਼ ਚੌਧਰੀ ਨੇ ਪਹਿਲੇ ਹੀ ਓਵਰ ਵਿੱਚ ਸ਼ੁਭਮਨ ਗਿੱਲ (0) ਨੂੰ ਪੈਵੇਲੀਅਨ ਭੇਜ ਦਿੱਤਾ। ਸ਼ੁਭਮਨ ਪਹਿਲੇ ਓਵਰ ਦੀ ਆਖਰੀ ਗੇਂਦ 'ਤੇ ਆਊਟ ਹੋ ਗਏ। ਉਸ ਤੋਂ ਬਾਅਦ ਵਿਜੇ ਸ਼ੰਕਰ ਬੱਲੇਬਾਜ਼ੀ ਕਰਨ ਆਏ।
ਇਸ ਤੋਂ ਬਾਅਦ ਮਹੇਸ਼ ਦੀਕਸ਼ਾਨਾ ਦੂਜੇ ਓਵਰ 'ਚ ਗੇਂਦਬਾਜ਼ੀ ਕਰਨ ਆਏ। ਉਸ ਨੇ ਓਵਰ ਦੀ ਤੀਜੀ ਗੇਂਦ 'ਤੇ ਵਿਜੇ ਸ਼ੰਕਰ (0) ਨੂੰ ਪੈਵੇਲੀਅਨ ਭੇਜਿਆ। ਦੋਵੇਂ ਖਿਡਾਰੀ ਖਾਤਾ ਵੀ ਨਹੀਂ ਖੋਲ੍ਹ ਸਕੇ। ਦੋ ਓਵਰਾਂ ਮਗਰੋਂ ਗੁਜਰਾਤ ਦਾ ਸਕੋਰ ਦੋ ਵਿਕਟਾਂ ’ਤੇ ਪੰਜ ਸੀ। ਉਸ ਤੋਂ ਬਾਅਦ ਅਭਿਨਵ ਮਨੋਹਰ ਕ੍ਰੀਜ਼ 'ਤੇ ਆਏ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ ਕ੍ਰੀਜ਼ 'ਤੇ ਬਣੇ ਰਹੇ।
ਗੁਜਰਾਤ ਨੂੰ ਚੌਥੇ ਓਵਰ ਵਿੱਚ ਤੀਜਾ ਝਟਕਾ ਲੱਗਾ। ਮਹੇਸ਼ ਦੀਕਸ਼ਾਨਾ ਨੇ ਅਭਿਨਵ ਮਨੋਹਰ ਨੂੰ ਮੋਇਨ ਅਲੀ ਹੱਥੋਂ ਕੈਚ ਕਰਵਾਇਆ। ਮਨੋਹਰ 12 ਗੇਂਦਾਂ ਵਿੱਚ 12 ਦੌੜਾਂ ਹੀ ਬਣਾ ਸਕੇ। ਦੀਕਸ਼ਾਨਾ ਦੀ ਇਹ ਦੂਜੀ ਕਾਮਯਾਬੀ ਸੀ। ਉਸ ਤੋਂ ਬਾਅਦ ਡੇਵਿਡ ਮਿਲਰ 'ਕਿਲਰ' ਬਣ ਕੇ ਕ੍ਰੀਜ਼ 'ਤੇ ਆਏ। ਅੱਠਵੇਂ ਓਵਰ ਵਿੱਚ ਗੁਜਰਾਤ ਨੂੰ ਇੱਕ ਹੋਰ ਝਟਕਾ ਲੱਗਾ। ਸੀਐਸਕੇ ਦੇ ਕਪਤਾਨ ਰਵਿੰਦਰ ਜਡੇਜਾ ਨੇ ਰਿਧੀਮਾਨ ਸਾਹਾ ਨੂੰ ਰਿਤੂਰਾਜ ਗਾਇਕਵਾੜ ਹੱਥੋਂ ਕੈਚ ਕਰਵਾਇਆ। ਸਾਹਾ 18 ਗੇਂਦਾਂ 'ਤੇ 11 ਦੌੜਾਂ ਬਣਾ ਸਕੇ।
ਇਸ ਸਮੇਂ ਡੇਵਿਡ ਮਿਲਰ ਅਤੇ ਰਾਹੁਲ ਤਿਵਾਤੀਆ ਕ੍ਰੀਜ਼ 'ਤੇ ਸਨ। ਪਰ ਤੇਵਤਿਆ ਵੀ ਛੇਤੀ ਹੀ ਆਉਟ ਹੋ ਗਿਆ ਤੇ ਗੁਜਰਾਤ ਦੀ ਟੀਮ ਸੰਕਟ ਵਿਚ ਪੈ ਗਈ। ਪਰ ਇਸ ਤੋਂ ਬਾਅਦ ਰਾਸ਼ਿਦ ਖਾਨ ਅਤੇ ਮਿਲਰ ਨੇ ਕਰਿਸ਼ਮਾ ਕਰਦੇ ਹੋਏ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ।