IND vs SL: ਭਾਰਤ ਨੇ ਸ਼੍ਰੀਲੰਕਾ ਨੂੰ 238 ਦੌੜਾਂ ਨਾਲ ਹਰਾਇਆ, 2-0 ਨਾਲ ਆਪਣੇ ਨਾਂ ਕੀਤੀ ਲੜੀ
ਭਾਰਤ ਨੇ ਸੋਮਵਾਰ ਨੂੰ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਸ਼੍ਰੀਲੰਕਾ ਖਿਲਾਫ ਦੂਜੇ ਟੈਸਟ ਦੇ ਤੀਜੇ ਦਿਨ 238 ਦੌੜਾਂ ਨਾਲ ਜਿੱਤ ਦਰਜ ਕੀਤੀ। ਬੱਲੇਬਾਜ਼ੀ ਦੌਰਾਨ ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੇ ਆਪਣਾ ਸੈਂਕੜਾ ਪੂਰਾ ਕਰਦੇ ਹੋਏ 107 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਗੇਂਦਬਾਜ਼ ਆਰ ਅਸ਼ਵਿਨ ਨੇ 19.3 ਓਵਰਾਂ ਵਿੱਚ 55 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਦੂਜੇ ਟੈਸਟ ਦੇ ਤੀਜੇ ਦਿਨ ਸ਼੍ਰੀਲੰਕਾ ਨੇ ਦਿਨ ਦੀ ਸ਼ੁਰੂਆਤ ਕੀਤੀ। ਚਾਹ ਦੇ ਬ੍ਰੇਕ ਤੱਕ ਸ਼੍ਰੀਲੰਕਾ ਨੇ 39 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਬਣਾ ਲਈਆਂ ਸਨ।
ਤੀਜੇ ਦਿਨ ਦੀ ਸ਼ੁਰੂਆਤ ਕਰੁਣਾਰਤਨੇ ਅਤੇ ਬੱਲੇਬਾਜ਼ ਮੈਂਡਿਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਦੌਰਾਨ ਕਰੁਣਾਰਤਨੇ ਖੁਸ਼ਕਿਸਮਤ ਰਹੇ, ਕਿਉਂਕਿ ਉਹ ਅਸ਼ਵਿਨ ਦੀ ਗੇਂਦ ਤੇ ਆਊਟ ਹੋਣ ਤੋਂ ਬਚ ਗਏ। ਇਸ ਦੌਰਾਨ ਮੈਂਡਿਸ ਨੇ 57 ਗੇਂਦਾਂ ਵਿੱਚ ਆਪਣਾ 12ਵਾਂ ਟੈਸਟ ਅਰਧ ਸੈਂਕੜਾ ਪੂਰਾ ਕੀਤਾ। ਸ਼੍ਰੀਲੰਕਾ ਵਲੋਂ ਸੀਰੀਜ਼ 'ਚ ਸਭ ਤੋਂ ਜ਼ਿਆਦਾ 97 ਦੌੜਾਂ ਦੀ ਸਾਂਝੇਦਾਰੀ ਨੂੰ ਅਸ਼ਵਿਨ ਨੇ ਤੋੜਿਆ ਅਤੇ ਬੱਲੇਬਾਜ਼ ਮੈਂਡਿਸ ਨੂੰ ਪੰਤ ਨੇ ਕੈਚ ਕੀਤਾ।
ਕਰੁਣਾਰਤਨੇ ਦੇ ਆਊਟ ਹੋਣ ਤੋਂ ਬਾਅਦ ਕੋਈ ਵੀ ਬੱਲੇਬਾਜ਼ ਟੀਮ ਲਈ ਮੈਚ ਜਿੱਤਣ ਲਈ ਵੱਡਾ ਸਕੋਰ ਨਹੀਂ ਬਣਾ ਸਕਿਆ ਅਤੇ ਨਿਰੋਸ਼ਨ ਡਿਕਵੇਲਾ (ਵਿਕਟਕੀਪਰ) ਨੂੰ ਛੱਡ ਕੇ ਬਾਕੀ ਸਾਰੇ ਬੱਲੇਬਾਜ਼ 10 ਦੌੜਾਂ ਦੇ ਅੰਦਰ ਹੀ ਭਾਰਤੀ ਗੇਂਦਬਾਜ਼ਾਂ ਦੇ ਹੱਥੋਂ ਪਛੜ ਗਏ। ਇਸ ਦੌਰਾਨ ਨਿਰੋਸ਼ਨ ਡਿਕਵੇਲਾ 12 ਦੌੜਾਂ ਬਣਾ ਕੇ ਗੇਂਦਬਾਜ਼ ਅਕਸ਼ਰ ਪਟੇਲ ਦੇ ਓਵਰ 'ਚ ਕੈਚ ਆਊਟ ਹੋ ਗਏ।
ਗੇਂਦਬਾਜ਼ ਆਰ ਅਸ਼ਵਿਨ ਨੇ ਆਪਣੀ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ, ਉਨ੍ਹਾਂ ਨੇ ਬੱਲੇਬਾਜ਼ਾਂ 'ਤੇ ਦਬਾਅ ਬਣਾਇਆ ਅਤੇ ਅੰਤ ਤੱਕ ਵਿਕਟਾਂ ਲੈਂਦੇ ਰਹੇ। ਉਸ ਨੇ ਚਾਰ ਵਿਕਟਾਂ ਲਈਆਂ। ਇਸ ਤੋਂ ਬਾਅਦ ਪਹਿਲੀ ਪਾਰੀ 'ਚ ਸ਼੍ਰੀਲੰਕਾ ਦੀਆਂ ਪੰਜ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਇਸ ਪਾਰੀ 'ਚ ਤਿੰਨ ਵਿਕਟਾਂ ਲੈਣ 'ਚ ਕਾਮਯਾਬ ਰਹੇ, ਜਿਨ੍ਹਾਂ 'ਚ ਲਾਹਿਰੂ ਥਿਰੀਮਾਨੇ (0) ਅਤੇ ਦਿਮੁਥ ਕਰੁਣਾਰਤਨੇ (107) ਦੀਆਂ ਵਿਕਟਾਂ ਸ਼ਾਮਲ ਹਨ।