IPL 2020: ਚੇਨਈ ਸੁਪਰ ਕਿੰਗਜ਼ ਨੇ ਜਿੱਤ ਨਾਲ ਕੀਤੀ ਵਾਪਸੀ, ਸਨਰਾਈਜ਼ਰਸ ਹੈਦਰਾਬਾਦ ਨੂੰ 20 ਦੌੜਾਂ ਨਾਲ ਹਰਾਇਆ
ਚੇਨਈ ਸੁਪਰ ਕਿੰਗਜ਼ ਨੇ ਮੰਗਲਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਸਨਰਾਈਜ਼ਰਸ ਹੈਦਰਾਬਾਦ ਨੂੰ 20 ਦੌੜਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿਚ ਤੀਜੀ ਜਿੱਤ ਦਰਜ ਕਰਦਿਆਂ ਆਪਣੀ ਉਮੀਦਾਂ ਨੂੰ ਕਾਇਮ ਰੱਖਿਆ ਹੈ. ਇਸ ਮੈਚ ਤੋਂ ਪਹਿਲਾਂ, ਚੇਨਈ ਨੂੰ ਸੱਤ ਮੈਚਾਂ ਵਿਚੋਂ ਪੰਜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ. ਪਲੇਆੱਫ ਦੌੜ ਵਿਚ ਬਣੇ ਰਹਿਣ ਲਈ ਲੀਗ ਦੇ ਦੂਜੇ ਅੱਧ ਵਿਚ ਤਕਰੀਬਨ ਹਰ ਮੈਚ ਵਿਚ ਜਿੱਤ ਦੀ ਜ਼ਰੂਰਤ ਸੀ. ਤਿੰਨ ਵਾਰ ਦੇ ਜੇਤੂ ਨੇ ਇਸ ਦੀ ਸ਼ੁਰੂਆਤ ਹੈਦਰਾਬਾਦ ਦੇ ਖਿਲਾਫ ਕੀਤੀ.
ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾਈਆਂ. ਕੇਨ ਵਿਲੀਅਮਸਨ (57 ਦੌੜਾਂ, 39 ਗੇਂਦਾਂ, 7 ਚੌਕੇ) ਨੇ ਹੈਦਰਾਬਾਦ ਲਈ ਇਕੱਲੇ ਹੀ ਲੜਾਈ ਲੜੀ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਲਵਾ ਸਕੇ. ਕਰਨ ਸ਼ਰਮਾ ਨੇ ਉਹਨਾਂ ਨੂੰ 18 ਵੇਂ ਓਵਰ ਦੀ ਦੂਜੀ ਗੇਂਦ 'ਤੇ ਆਉਟ ਕਰਕੇ ਹੈਦਰਾਬਾਦ ਦੀਆਂ ਉਮੀਦਾਂ ਨੂੰ ਤੋੜ ਦਿੱਤਾ. ਹੈਦਰਾਬਾਦ 20 ਓਵਰਾਂ ਵਿੱਚ ਅੱਠ ਵਿਕਟਾਂ ਗੁਆ ਕੇ 147 ਦੌੜਾਂ ਹੀ ਬਣਾ ਸਕੀ.
ਸੈਮ ਕੁਰੇਨ ਨੇ ਡੇਵਿਡ ਵਾਰਨਰ (9) ਨੂੰ ਆਪਣੀ ਹੀ ਗੇਂਦ 'ਤੇ ਕੈਚ ਕਰਕੇ ਆਉਟ ਕੀਤਾ ਅਤੇ ਚੇਨਈ ਨੂੰ ਵੱਡੀ ਵਿਕਟ ਦਿਵਾਈ. ਮਨੀਸ਼ ਪਾਂਡੇ (4) ਡਵੇਨ ਬ੍ਰਾਵੋ ਦੇ ਸਿੱਧੇ ਥ੍ਰੋਅ ਦੁਆਰਾ ਟੀਮ ਲਈ ਕੁਝ ਚੰਗਾ ਕਰਨ ਤੋਂ ਪਹਿਲਾਂ ਹੀ ਰਨ ਆਉਟ ਹੋ ਗਏ. ਹੈਦਰਾਬਾਦ ਨੇ 27 ਦੌੜਾਂ ਤੇ ਦੋ ਵਿਕਟਾਂ ਗੁਆ ਦਿੱਤੀਆਂ ਸੀ.
ਵਾਰਨਰ ਦੇ ਸਾਥੀ ਅਤੇ ਤੂਫਾਨੀ ਬੱਲੇਬਾਜ਼ ਜੋਨੀ ਬੇਅਰਸਟੋ (23) ਵਿਕਟ 'ਤੇ ਸੀ. ਉਨ੍ਹਾਂ ਨੂੰ ਵਿਲੀਅਮਸਨ ਦਾ ਸਾਥ ਮਿਲ ਗਿਆ. ਸਟ੍ਰੈਟੇਜਿਕ ਟਾਈਮ ਆਉਟ ਤੋਂ ਬਾਅਦ ਜਡੇਜਾ ਨੇ ਚਲਾਕੀ ਨਾਲ ਬੇਅਰਸਟੋ ਨੂੰ ਬੋਲਡ ਕਰ ਦਿੱਤਾ. ਦੋਵੇਂ ਸਿਰਫ 32 ਦੌੜਾਂ ਹੀ ਜੋੜ ਸਕੇ.
ਨੌਜਵਾਨ ਪ੍ਰੀਅਮ ਗਰਗ (16) ਨੂੰ ਵਿਲੀਅਮਸਨ ਦੇ ਨਾਲ ਖੜੇ ਰਹਿਣ ਦੀ ਜ਼ਰੂਰਤ ਸੀ, ਪਰ ਉਹ ਵੀ ਜਿਆਦਾ ਦੇਰ ਵਿਕਟ ਤੇ ਨਹੀਂ ਟਿਕ ਸਕੇ. ਹੈਦਰਾਬਾਦ ਨੂੰ 30 ਗੇਂਦਾਂ ਵਿੱਚ 67 ਦੌੜਾਂ ਦੀ ਲੋੜ ਸੀ. ਉਮੀਦਾਂ ਵਿਲੀਅਮਸਨ ਤੋਂ ਸਨ ਪਰ ਉਹਨਾਂ ਦੇ ਆਉਟ ਹੁੰਦਿਆਂ ਹੀ ਹੈਦਰਾਬਾਦ ਦੀਆਂ ਉਮੀਦਾਂ ਖਤਮ ਹੋ ਗਈਆਂ.
ਰਾਸ਼ਿਦ ਖਾਨ ਨੇ ਆਉਂਦਿਆਂ ਹੀ ਤੇਜ ਬੱਲੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਰਨ ਸ਼ਰਮਾ ਦੇ ਓਵਰ ਦੀਆਂ ਤਿੰਨ ਗੇਂਦਾਂ 'ਤੇ 11 ਦੌੜਾਂ ਬਣਾਈਆਂ. ਹੈਦਰਾਬਾਦ ਨੂੰ ਆਖਰੀ ਦੋ ਓਵਰਾਂ ਵਿਚ 27 ਦੌੜਾਂ ਦੀ ਲੋੜ ਸੀ. ਸ਼ਾਰਦੂਲ ਠਾਕੁਰ ਨੇ ਰਾਸ਼ਿਦ ਨੂੰ ਆਉਟ ਕੀਤਾ ਅਤੇ ਹੈਦਰਾਬਾਦ ਦੀਆਂ ਬਾਕੀ ਉਮੀਦਾਂ ਖਤਮ ਕਰ ਦਿੱਤੀਆਂ.
ਇਸ ਤੋਂ ਪਹਿਲਾਂ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ. ਚੇਨਈ ਨੇ ਆਪਣੀ ਸ਼ੁਰੂਆਤੀ ਜੋੜੀ ਵਿਚ ਬਦਲਾਅ ਕੀਤਾ ਅਤੇ ਕੁਰੈਨ ਨੂੰ ਫਾਫ ਡੂ ਪਲੇਸਿਸ ਨਾਲ ਬੱਲੇਬਾਜ਼ੀ ਲਈ ਭੇਜਿਆ।
ਡੂ ਪਲੇਸਿਸ ਤੀਜੇ ਓਵਰ ਵਿਚ ਬਿਨਾ ਖਾਤਾ ਖੋਲੇ ਆਉਟ ਹੋ ਗਏ, ਪਰ ਕੁਰੈਨ ਨੇ ਓਪਨਿੰਗ ਕਰਦਿਆਂ ਚੰਗੀ ਬੱਲੇਬਾਜੀ ਕੀਤੀ. ਤੂਫਾਨੀ ਅੰਦਾਜ਼ ਵਿਚ ਬੱਲੇਬਾਜ਼ੀ ਕਰਦਿਆਂ ਕੁਰੈਨ ਨੇ 21 ਗੇਂਦਾਂ ਵਿਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾਈਆਂ. ਸੰਦੀਪ ਸ਼ਰਮਾ ਨੇ ਡੂ ਪਲੇਸਿਸ ਅਤੇ ਕੁਰੇਨ ਦੀਆਂ ਵਿਕਟਾਂ ਲਈਆਂ.
ਫਿਰ ਅੰਬਾਤੀ ਰਾਇਡੂ ਅਤੇ ਸ਼ੇਨ ਵਾਟਸਨ ਨੇ ਸਾਂਝੇਦਾਰੀ ਕੀਤੀ. ਉਨ੍ਹਾਂ ਨੇ ਮਿਲ ਕੇ 81 ਦੌੜਾਂ ਜੋੜੀਆਂ. ਰਾਇਡੂ ਨੂੰ ਖਲੀਲ ਅਹਿਦ ਨੇ 116 ਦੇ ਕੁਲ ਸਕੋਰ 'ਤੇ ਆਉਟ ਕੀਤਾ. ਟੀਮ ਦੇ ਸਕੋਰ ਬੋਰਡ ਵਿਚ ਚਾਰ ਹੋਰ ਦੌੜਾਂ ਬਣਨ ਤੋਂ ਬਾਅਦ ਵਾਟਸਨ ਨੂੰ ਟੀ. ਨਟਰਾਜਨ ਨੇ ਵਾਰਨਰ ਦੇ ਹੱਥੋਂ ਕੈਚ ਕਰਵਾ ਦਿੱਤਾ.
ਧੋਨੀ ਆਪਣੀ ਪੁਰਾਣੀ ਲੈਅ ਵਿਚ ਵਾਪਸ ਆਉਂਦੇ ਹੋਏ ਦਿਖ ਰਹੇ ਸੀ. ਦੋ ਚੌਕੇ ਅਤੇ ਇਕ ਹੈਲੀਕਾਪਟਰ ਸ਼ਾਟ ਨਾਲ ਸ਼ਾਨਦਾਰ ਛੱਕਾ ਲਗਾਉਣ ਤੋਂ ਬਾਅਦ, ਅਗਲੀ ਹੀ ਗੇਂਦ ਤੇ ਉਹ ਆਉਟ ਹੋ ਗਏ.
ਅਖੀਰ ਵਿੱਚ, ਰਵਿੰਦਰ ਜਡੇਜਾ ਨੇ 10 ਗੇਂਦਾਂ ਵਿੱਚ 25 ਦੌੜਾਂ ਬਣਾਈਆਂ ਅਤੇ ਟੀਮ ਨੂੰ ਇੱਕ ਵਧੀਆ ਸਕੋਰ ਤੱਕ ਪਹੁੰਚਾਇਆ, ਜਿਸਦਾ ਬਚਾਅ ਕਰਨ ਵਿੱਚ ਚੇਨਈ ਸਫਲ ਰਹੀ.
ਅੱਠ ਮੈਚਾਂ ਵਿੱਚ ਚੇਨਈ ਦੀ ਇਹ ਤੀਜੀ ਜਿੱਤ ਹੈ ਅਤੇ ਛੇ ਅੰਕਾਂ ਨਾਲ ਉਹ ਪੁਆਇੰਟ ਟੇਬਲ ਤੇ ਛੇਵੇਂ ਨੰਬਰ ‘ਤੇ ਪਹੁੰਚ ਗਏ ਹਨ.