IPL 2020: ਧੋਨੀ ਦੇ ਸੁਪਰ ਕਿੰਗਜ਼ ਦਾ ਮੁਕਾਬਲਾ ਹੈਦਰਾਬਾਦ ਦੇ ਸਨਰਾਈਜ਼ਰਜ਼ ਨਾਲ, ਜਾਣੋ ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ

Updated: Fri, Oct 02 2020 13:21 IST
IPL 2020: ਧੋਨੀ ਦੇ ਸੁਪਰ ਕਿੰਗਜ਼ ਦਾ ਮੁਕਾਬਲਾ ਹੈਦਰਾਬਾਦ ਦੇ ਸਨਰਾਈਜ਼ਰਜ਼ ਨਾਲ, ਜਾਣੋ ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇ (CRICKETNMORE)

ਆਈਪੀਐਲ ਵਿਚ ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਅੱਜ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ. ਪਹਿਲਾ ਮੈਚ ਜਿੱਤਣ ਤੋਂ ਬਾਅਦ ਚੇਨਈ ਨੂੰ ਸਿਰਫ ਹਾਰ ਹੀ ਮਿਲੀ ਹੈ. ਚੇਨਈ ਨੇ ਆਈਪੀਐਲ ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ ਪਰ ਇਸ ਤੋਂ ਬਾਅਦ ਉਹ ਆਪਣੇ ਦੋਵੇਂ ਮੈਚ ਹਾਰ ਗਏ.

ਇਸ ਆਈਪੀਐਲ ਸੀਜ਼ਨ ਵਿਚ ਹਾਰ ਤੋਂ ਜ਼ਿਆਦਾ ਚਿੰਤਾਜਨਕ ਹੈ ਚੇਨਈ ਦਾ ਖੇਡਣ ਦਾ ਤਰੀਕਾ ਅਤੇ ਖਿਡਾਰੀਆਂ ਦਾ ਫੌਰਮ. ਹਾਲਾਂਕਿ ਮਹਿੰਦਰ ਸਿੰਘ ਧੋਨੀ ਆਪਣੀ ਮਨਮੋਹਣੀ ਕਪਤਾਨੀ ਲਈ ਜਾਣੇ ਜਾਂਦੇ ਹਨ ਅਤੇ ਲੀਗ ਵਿਚ ਹੁਣ ਵੀ ਕਾਫ਼ੀ ਮੈਚ ਬਾਕੀ ਹਨ ਇਸ ਲਈ ਕੋਈ ਵੀ ਟੀਮ ਚੇਨਈ ਨੂੰ ਹਲਕੇ ਵਿਚ ਨਹੀਂ ਲੈ ਸਕਦੀ.

ਆਪਣੇ ਪੁਰਾਣੇ ਫੌਰਮ ਵਿਚ ਵਾਪਸੀ ਲਈ ਚੇਨਈ ਨੂੰ ਆਪਣੇ ਖਿਡਾਰੀਆਂ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ. ਹੁਣ ਤੱਕ ਸਿਰਫ ਫਾਫ ਡੂ ਪਲੇਸਿਸ ਹੀ ਟੀਮ ਲਈ ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ. ਉਹਨਾਂ ਤੋਂ ਇਲਾਵਾ ਚੇਨਈ ਦਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ. ਅੰਬਾਤੀ ​​ਰਾਇਡੂ ਨੇ ਟੀਮ ਨੂੰ ਪਹਿਲੇ ਮੈਚ ਵਿਚ ਜਿੱਤ ਦਿਵਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ, ਪਰ ਸੱਟ ਲੱਗਣ ਕਾਰਨ ਉਹ ਬਾਕੀ ਦੋ ਮੈਚ ਨਹੀਂ ਖੇਡ ਸਕੇ.

ਜੇ ਰਾਇਡੂ ਅਗਲੇ ਮੈਚ ਵਿਚ ਆਉਂਦੇ ਹਨ ਤਾਂ ਟੀਮ ਨੂੰ ਤਾਕਤ ਮਿਲੇਗੀ ਪਰ ਜੇ ਨਹੀਂ ਤਾਂ ਚੇਨਈ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ. ਰਿਤੂਰਾਜ ਗਾਇਕਵਾੜ, ਜੋ ਉਹਨਾਂ ਤੋਂ ਬਾਅਦ ਆਏ, ਹੁਣ ਤੱਕ ਪੂਰੀ ਤਰ੍ਹਾਂ ਅਸਫਲ ਰਹੇ ਹਨ.

ਧੋਨੀ ਬੱਲੇਬਾਜ਼ੀ ਕ੍ਰਮ 'ਚ ਕਾਫੀ ਹੇਠਾਂ ਆ ਰਹੇ ਹਨ ਅਤੇ ਇਸ ਲਈ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ. ਟੀਮ ਦੀ ਬੱਲੇਬਾਜ਼ੀ ਨੂੰ ਵੇਖਦੇ ਹੋਏ ਇਹ ਵੀ ਮਹੱਤਵਪੂਰਨ ਹੈ ਕਿ ਧੋਨੀ ਵਰਗਾ ਤਜਰਬਾਕਾਰ ਬੱਲੇਬਾਜ਼ ਅੱਗੇ ਆ ਕੇ ਬੱਲੇਬਾਜ਼ੀ ਕਰੇ.

ਚੇਨਈ ਦੀ ਟੀਮ ਸ਼ੇਨ ਵਾਟਸਨ ਦੇ ਫਾਰਮ ਵਿਚ ਵਾਪਸੀ ਕਰਨ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਉਹਨਾਂ ਦੇ ਸ਼ੁਰੂਆਤੀ ਸਾਥੀ ਮੁਰਲੀ ​​ਵਿਜੇ ਵੀ ਬੱਲੇਬਾਜ਼ੀ ਵਿਚ ਪੂਰੀ ਤਰ੍ਹਾੰ ਫੇਲ ਰਹੇ ਹਨ. 

ਰਾਇਡੂ ਤੋਂ ਇਲਾਵਾ ਚੇਨਈ ਦੀ ਟੀਮ ਡਵੇਨ ਬ੍ਰਾਵੋ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਇਹ ਦੋਵੇਂ ਹੈਦਰਾਬਾਦ ਖਿਲਾਫ ਖੇਡਦੇ ਵੇਖੇ ਜਾ ਸਕਦੇ ਹਨ. ਇਨ੍ਹਾਂ ਦੋਵਾਂ ਦੇ ਆਉਣ ਨਾਲ ਚੇਨਈ ਨੂੰ ਸੰਤੁਲਨ ਅਤੇ ਤਜਰਬਾ ਮਿਲੇਗਾ ਜਿਸਦੀ ਉਹਨਾਂ ਨੂੰ ਜ਼ਰੂਰਤ ਹੈ.

ਜੇ ਰਾਇਡੂ ਆਉਂਦੇ ਹਨ ਤਾਂ ਇਹ ਨਿਸ਼ਚਤ ਹੈ ਕਿ ਰਿਤੂਰਾਜ ਬਾਹਰ ਹੋਣਗੇ ਪਰ ਜੇ ਬ੍ਰਾਵੋ ਟੀਮ ਵਿਚ ਆਉਂਦੇ ਹਨ ਤਾਂ, ਫਿਰ ਕੌਣ ਬਾਹਰ ਜਾਵੇਗਾ ਇਹ ਧੋਨੀ ਦੇ ਲਈ ਥੋੜ੍ਹਾ ਮੁਸ਼ਕਲ ਕੰਮ ਹੋਵੇਗਾ ਕਿਉਂਕਿ ਉਹਨਾਂ ਦੀ ਜਗ੍ਹਾ ਆਏ ਸੈਮ ਕੁਰੈਨ ਨੇ ਪਿਛਲੇ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ.

ਗੇਂਦਬਾਜ਼ੀ ਵਿਚ ਦੀਪਕ ਚਾਹਰ, ਸੈਮ ਕੁਰੈਨ, ਜੋਸ਼ ਹੇਜ਼ਲਵੁੱਡ ਦਾ ਪ੍ਰਦਰਸ਼ਨ ਔਸਤ ਰਿਹਾ ਹੈ. ਇਸ ਦੇ ਨਾਲ ਹੀ ਰਵਿੰਦਰ ਜਡੇਜਾ ਅਤੇ ਪਿਯੂਸ਼ ਚਾਵਲਾ ਸਪਿਨ ਵਿਚ ਜ਼ਿਆਦਾ ਕਾਰਗਰ ਸਾਬਤ ਨਹੀਂ ਹੋਏ ਹਨ.

ਹੈਦਰਾਬਾਦ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਆਖਰੀ ਮੈਚ ਵਿਚ ਪਹਿਲੀ ਜਿੱਤ ਮਿਲੀ ਸੀ. ਉਹਨਾਂ ਨੇ ਦਿੱਲੀ ਕੈਪਿਟਲਸ ਵਰਗੀ ਮਜ਼ਬੂਤ ​​ਟੀਮ ਨੂੰ ਹਰਾਇਆ ਸੀ.

ਇਸ ਮੈਚ ਵਿੱਚ ਹੈਦਰਾਬਾਦ ਦੀ ਤਾਕਤ ਉਨ੍ਹਾਂ ਦੀ ਗੇਂਦਬਾਜ਼ੀ ਰਹੀ ਸੀ. ਉਹਨਾਂ ਦੇ ਮੁੱਖ ਸਪਿੰਨਰ ਰਾਸ਼ਿਦ ਖਾਨ ਨੇ ਮੈਚ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਤਿੰਨ ਵਿਕਟਾਂ ਲਈਆਂ.

ਉਹਨਾਂ ਤੋਂ ਇਲਾਵਾ ਟੀ. ਨਟਰਾਜਨ ਨੇ ਵੀ ਆਪਣੀ ਗੇਂਦਬਾਜ਼ੀ ਤੋਂ ਪ੍ਰਭਾਵਿਤ ਕੀਤਾ. ਨਟਰਾਜਨ ਨੇ ਡੈਥ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ.

ਸ਼ੁਰੂਆਤ ਵਿੱਚ ਭੁਵਨੇਸ਼ਵਰ ਕੁਮਾਰ ਅਤੇ ਖਲੀਲ ਅਹਿਮਦ ਨੇ ਟੀਮ ਨੂੰ ਲੋੜੀਂਦੀਆਂ ਸਫਲਤਾਵਾਂ ਦਿਲਵਾਇਆਂ ਸੀ.

ਹਾਲਾਂਕਿ, ਹੈਦਰਾਬਾਦ ਨੂੰ ਬੱਲੇਬਾਜ਼ੀ ਵੱਲ ਧਿਆਨ ਦੇਣ ਦੀ ਜਰੂਰਤ ਹੋਵੇਗੀ. ਆਖਰੀ ਮੈਚ ਵਿੱਚ ਕੇਨ ਵਿਲੀਅਮਸਨ ਨੂੰ ਇੱਕ ਮੌਕਾ ਮਿਲਿਆ ਸੀ ਅਤੇ ਉਹਨਾਂ ਨੇ 41 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਇੱਕ ਚੰਗੇ ਸਕੋਰ ਤੱਕ ਪਹੁੰਚਾਇਆ ਸੀ.

ਉਹਨਾਂ ਦੇ ਆਉਣ ਨਾਲ ਟੀਮ ਮਜ਼ਬੂਤ ​​ਹੋਈ ਹੈ. ਵਾਰਨਰ ਅਤੇ ਬੇਅਰਸਟੋ ਇਕੱਲੇ ਟੀਮ ਦੀ ਬੱਲੇਬਾਜ਼ੀ ਦਾ ਭਾਰ ਝੱਲ ਰਹੇ ਹਨ ਹਾਲਾਂਕਿ ਉਹਨਾਂ ਦਾ ਭਾਰ ਵਿਲੀਅਮਸਨ ਨੇ ਸਾਂਝਾ ਕੀਤਾ ਹੈ. ਉੱਥੇ ਮਨੀਸ਼ ਪਾਂਡੇ ਵੀ ਹਨ ਜੋ ਟੀਮ ਨੂੰ ਤਾਕਤ ਦਿੰਦੇ ਹਨ.

ਪਰ ਇਨ੍ਹਾਂ ਚਾਰਾਂ ਤੋਂ ਬਾਅਦ ਹੇਠਲੇ ਕ੍ਰਮ ਵਿੱਚ ਕੋਈ ਹੋਰ ਨਹੀਂ ਹੈ ਜੋ ਟੀਮ ਦੀ ਬੱਲੇਬਾਜ਼ੀ ਨੂੰ ਸੰਭਾਲ ਸਕੇ ਅਤੇ ਤੇਜ਼ ਦੌੜਾਂ ਬਣਾ ਸਕੇ, ਇਹ ਹੈਦਰਾਬਾਦ ਦੀ ਸਭ ਤੋਂ ਵੱਡੀ ਸਮੱਸਿਆ ਹੈ. ਉਹਨਾਂ ਨੂੰ ਇੱਕ ਫੀਨਿਸ਼ਰ ਦੀ ਜ਼ਰੂਰਤ ਹੈ ਜੋ ਟੀਮ ਨੂੰ ਇੱਕ ਵੱਡੇ ਸਕੋਰ ਤੇ ਲੈ ਕੇ ਜਾ ਸਕੇ.

ਟੀਮਾਂ (ਸੰਭਾਵਿਤ ਪਲੇਇੰਗ ਇਲੈਵਨ):

ਸਨਰਾਈਜ਼ਰਸ ਹੈਦਰਾਬਾਦ - ਡੇਵਿਡ ਵਾਰਨਰ (ਕਪਤਾਨ), ਅਭਿਸ਼ੇਕ ਸ਼ਰਮਾ, ਭੁਵਨੇਸ਼ਵਰ ਕੁਮਾਰ, ਜੌਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਰਾਸ਼ਿਦ ਖਾਨ, ਖਲੀਲ ਅਹਿਮਦ, ਟੀ. ਨਟਰਾਜਨ, ਵਿਜੇ ਸ਼ੰਕਰ, ਪ੍ਰੀਅਮ ਗਰਗ, ਅਬਦੁੱਲ ਸਮਦ.

ਚੇਨਈ ਸੁਪਰ ਕਿੰਗਜ਼- ਮਹਿੰਦਰ ਸਿੰਘ ਧੋਨੀ (ਕਪਤਾਨ), ਕੇਦਾਰ ਜਾਧਵ, ਰਵਿੰਦਰ ਜਡੇਜਾ, ਪਿਯੂਸ਼ ਚਾਵਲਾ, ਡਵੇਨ ਬ੍ਰਾਵੋ, ਸ਼ੇਨ ਵਾਟਸਨ, ਅੰਬਾਤੀ ​​ਰਾਇਡੂ, ਮੁਰਲੀ ​​ਵਿਜੇ, ਫਾਫ ਡੂ ਪਲੇਸਿਸ, ਦੀਪਕ ਚਾਹਰ, ਸੈਮ ਕੁਰੈਨ.

TAGS