IPL 2020: ਕਿੰਗਜ਼ ਇਲੈਵਨ ਪੰਜਾਬ-ਰਾਜਸਥਾਨ ਰਾਇਲਜ਼ ਮੁਕਾਬਲੇ ਦੌਰਾਨ ਲੱਗੀ ਰਿਕਾਰਡਾਂ ਦੀ ਝੜ੍ਹੀ, ਰਾਹੁਲ-ਮਯੰਕ ਨੇ ਰਚਿਆ ਇਤਿਹਾਸ
ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ ਬੇਸ਼ਕ ਰਾਇਲਜ਼ ਨੇ ਬਾਜ਼ੀ ਮਾਰ ਲਈ, ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਸ਼ੁਰੂ ਤੋਂ ਹੀ ਮੁਕਾਬਲੇ ਵਿਚ ਬਣੀ ਰਹੀ ਅਤੇ ਜਦੋਂ ਕਿੰਗਜ਼ ਇਲੈਵਨ ਪੰਜਾਬ ਨੇ 20 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 223 ਦੌੜਾਂ ਬਣਾਈਆਂ ਤਾਂ ਉਹਨਾਂ ਨੇ ਟੀਚਾ 19.3 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ ਹਾਸਲ ਕਰ ਲਿਆ. ਮਯੰਕ ਅਗਰਵਾਲ (106 ਦੌੜਾਂ, 50 ਗੇਂਦਾਂ, 10 ਚੌਕੇ, 7 ਛੱਕੇ) ਅਤੇ ਕਪਤਾਨ ਲੋਕੇਸ਼ ਰਾਹੁਲ (69 ਦੌੜਾਂ, 54 ਗੇਂਦਾਂ, 7 ਚੌਕੇ, 1 ਛੱਕੇ) ਨੇ ਪੰਜਾਬ ਲਈ ਧਮਾਕੇਦਾਰ ਬੱਲੇਬਾਜ਼ੀ ਕੀਤੀ. ਰਾਜਸਥਾਨ ਲਈ ਸੰਜੂ ਸੈਮਸਨ (85 ਦੌੜਾਂ, 42 ਗੇਂਦਾਂ, 4 ਚੌਕੇ, 7 ਛੱਕੇ) ਅਤੇ ਕਪਤਾਨ ਸਟੀਵ ਸਮਿਥ (50 ਦੌੜਾਂ, 27 ਗੇਂਦਾਂ, 7 ਚੌਕੇ, 2 ਛੱਕੇ) ਨੇ ਟੀਮ ਲਈ ਜਿੱਤਣ ਦੀ ਨੀਂਹ ਰੱਖੀ.
ਇਸ ਮੈਚ ਵਿਚ ਕਈ ਖਾਸ ਰਿਕਾਰਡ ਵੀ ਬਣੇ, ਆਓ ਉਨ੍ਹਾਂ 'ਤੇ ਇਕ ਨਜ਼ਰ ਮਾਰੀਏ.
ਦੂਜੀ ਸਭ ਤੋਂ ਤੇਜ਼ ਸੇਂਚੁਰੀ
ਮਯੰਕ ਅਗਰਵਾਲ ਨੇ ਆਈਪੀਐਲ ਵਿਚ ਆਪਣਾ ਪਹਿਲਾ ਸੈਂਕੜਾ ਸਿਰਫ 45 ਗੇਂਦਾਂ ਵਿੱਚ ਪੂਰਾ ਕੀਤਾ. ਇਸਦੇ ਨਾਲ ਹੀ ਉਹ ਕਿਸੇ ਵੀ ਭਾਰਤੀ ਦੁਆਰਾ ਆਈਪੀਐਲ ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਏ. ਇਸ ਤੋਂ ਪਹਿਲਾਂ ਯੂਸਫ ਪਠਾਨ ਨੇ ਮੁੰਬਈ ਇੰਡੀਅਨਜ਼ ਵਿਰੁੱਧ 2010 ਦੇ ਮੈਚ ਵਿਚ ਰਾਜਸਥਾਨ ਰਾਇਲਜ਼ ਲਈ ਖੇਡਦੇ ਹੋਏ 37 ਗੇਂਦਾਂ ਵਿਚ ਸੈਂਕੜਾ ਲਗਾਇਆ ਸੀ.
ਸਭ ਤੋਂ ਵੱਡਾ ਰਨ-ਚੇਜ਼
ਰਾਜਸਥਾਨ ਰਾਇਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਦੇ 224 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇਤਿਹਾਸ ਰਚ ਦਿੱਤਾ. ਇਹ ਆਈਪੀਐਲ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਰਨ-ਚੇਜ਼ ਹੈ. ਪਹਿਲਾਂ ਇਹ ਰਿਕਾਰਡ ਰਾਜਸਥਾਨ ਰਾਇਲਜ਼ ਦੇ ਹੀ ਨਾਮ ਸੀ. ਰਾਜਸਥਾਨ ਨੇ ਡੈਕਨ ਚਾਰਜਰਸ ਦੇ 215 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਈਪੀਐਲ 2008 ਵਿੱਚ 217 ਦੌੜਾਂ ਬਣਾਕੇ ਜਿੱਤ ਹਾਸਲ ਕੀਤੀ ਸੀ.
ਸਭ ਤੋਂ ਵੱਡੀ ਸਾਂਝੇਦਾਰੀ
ਮਯੰਕ ਅਗਰਵਾਲ ਅਤੇ ਕੇ ਐਲ ਰਾਹੁਲ ਦੀ ਜੋੜੀ ਨੇ ਮਿਲ ਕੇ ਪਹਿਲੀ ਵਿਕਟ ਲਈ 183 ਦੌੜਾਂ ਦੀ ਸਾਂਝੇਦਾਰੀ ਕੀਤੀ. ਟੀ -20 ਕ੍ਰਿਕਟ ਦੇ ਇਤਿਹਾਸ ਵਿਚ ਪਹਿਲੇ ਵਿਕਟ ਲਈ ਇਹ ਦੋ ਭਾਰਤੀ ਖਿਡਾਰੀਆਂ ਵੱਲੋਂ ਕੀਤੀ ਗਈ ਸਭ ਤੋਂ ਵੱਡੀ ਸਾਂਝੇਦਾਰੀ ਹੈ. ਇਸ ਤੋਂ ਪਹਿਲਾਂ ਸਾਲ 2017 ਵਿਚ ਸ੍ਰੀਲੰਕਾ ਖਿਲਾਫ ਇੰਦੌਰ ਵਿਚ ਖੇਡੇ ਟੀ-20 ਮੈਚ ਵਿਚ ਰੋਹਿਤ ਸ਼ਰਮਾ ਅਤੇ ਕੇ ਐਲ ਰਾਹੁਲ ਨੇ ਪਹਿਲੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ. ਆਈਪੀਐਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਿਕਟ ਲਈ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਵੀ ਹੈ.
ਇੱਕ ਓਵਰ ਵਿੱਚ 5 ਛੱਕੇ
ਰਾਹੁਲ ਤੇਵਟਿਆ ਨੇ ਸ਼ੈਲਡਨ ਕੋਟਰੇਲ ਦੇ ਇੱਕ ਓਵਰ ਵਿੱਚ 5 ਛੱਕੇ ਲਗਾਏ, ਉਹ ਇਸ ਟੂਰਨਾਮੈਂਟ ਵਿੱਚ ਅਜਿਹਾ ਕਰਨ ਵਾਲੇ ਦੂਜੇ ਖਿਡਾਰੀ ਬਣੇ. ਇਸ ਤੋਂ ਪਹਿਲਾਂ ਆਰਸੀਬੀ ਲਈ ਖੇਡਦਿਆਂ ਕ੍ਰਿਸ ਗੇਲ ਨੇ ਪੁਣੇ ਵਾਰੀਅਰਜ਼ ਦੇ ਰਾਹੁਲ ਸ਼ਰਮਾ ਦੇ ਓਵਰ ਵਿੱਚ 5 ਛੱਕੇ ਲਗਾਏ ਸਨ.