IPL 2020 Match 6 : ਪਹਿਲੀ ਜਿੱਤ ਦੀ ਤਲਾਸ਼ ਵਿਚ ਬੈਂਗਲੌਰ ਨਾਲ ਭਿੜਣਗੇ ਪੰਜਾਬ ਦੇ ਕਿੰਗਜ਼, ਜਾਣੋ ਪਲੇਇੰਗ ਇਲੈਵਨ, ਪਿਚ ਤੇ ਮੌਸਮ ਦਾ ਹਾਲ

Updated: Wed, Sep 23 2020 13:54 IST
image credit: Cricketnmore

ਆਈਪੀਐਲ 2020 ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿਚ ਮਿਲੀ ਕਰੀਬੀ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ (KXIP) ਦੀ ਟੀਮ ਰਾਇਲ ਚੈਲੇਂਜ਼ਰਸ ਬੈਂਗਲੌਰ ਦੇ ਖਿਲਾਫ ਪਿਛਲੇ ਮੈਚ ਨਾਲੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਕਰੇਗੀ. ਦੋਨਾਂ ਟੀਮਾਂ ਵਿਚਕਾਰ ਇਹ ਮੁਕਾਬਲਾ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਏਗਾ. ਪੰਜਾਬ ਆਪਣੇ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਚਲਦੇ ਦਿੱਲੀ ਖਿਲਾਫ ਆਪਣਾ ਪਹਿਲਾ ਮੁਕਾਬਲਾ ਸੁਪਰ ਓਵਰ ਵਿਚ ਹਾਰ ਗਿਆ ਸੀ.

ਸਲਾਮੀ ਜੋੜ੍ਹੀ

ਪੰਜਾਬ ਲਈ ਪਿਛਲੇ ਮੈਚ ਵਿਚ ਮਯੰਕ ਅਗਰਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜਿੱਤ ਦੀ ਕਗਾਰ ਤੇ ਪਹੁੰਚਾ ਦਿੱਤਾ ਸੀ. ਪਰ ਬਾਕੀ ਖਿਡਾਰੀਆਂ ਦਾ ਸਾਥ ਨਾ ਮਿਲਣ ਕਰਕੇ ਉਹ ਆਪਣੀ ਟੀਮ ਨੂੰ ਜਿੱਤ ਨਾ ਦਿਲਵਾ ਸਕੇ. ਬੈਂਗਲੌਰ ਦੇ ਖਿਲਾਫ ਕਪਤਾਨ ਕੇ.ਐਲ. ਰਾਹੁਲ ਕੁਝ ਬਦਲਾਅ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਵੈਸਟਇੰਡੀਜ਼ ਦੇ ਆਤਿਸ਼ੀ ਬੱਲੇਬਾਜ਼ ਕ੍ਰਿਸ ਗੇਲ ਨੂੰ ਵੀ ਆਪਣੀ ਲਾਈਨ-ਅਪ ਵਿੱਚ ਸ਼ਾਮਲ ਕਰ ਸਕਦੇ ਹਨ. ਆਓ ਆਪਾਂ ਇਕ ਝਾਤ ਮਾਰਦੇ ਹਾਂ ਕਿ ਕਿੰਗਜ਼ ਇਲੈਵਨ ਆਪਣੇ ਦੂਜੇ ਮੈਚ ਵਿਚ ਕਿਹੜ੍ਹੀ ਟੀਮ ਮੈਦਾਨ ਤੇ ਉਤਾਰ ਸਕਦੀ ਹੈ.

ਪਹਿਲੇ ਮੈਚ ਵਿਚ ਬੱਲੇ ਨਾਲ ਫੇਲ ਹੋਣ ਤੋਂ ਬਾਅਦ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਦੂਜੇ ਮੈਚ ਵਿਚ ਟੀਮ ਲਈ ਆਪਣਾ ਯੋਗਦਾਨ ਦੇਣ ਲਈ ਉਤਸੁਕ ਹੋਣਗੇ. ਰਾਹੁਲ ਨੇ ਪਿਛਲੇ ਆਈਪੀਐਲ ਸੀਜ਼ਨ ਵਿਚ ਪੰਜਾਬ ਲਈ ਧਮਾਕੇਦਾਰ ਪ੍ਰਦਰਸ਼ਨ ਕੀਤਾ ਸੀ ਤੇ ਇਸ ਵਾਰ ਉਹ ਟੀਮ ਦੀ ਕਪਤਾਨੀ ਵੀ ਕਰ ਰਹੇ ਹਨ ਤੇ ਉਹਨਾਂ ਦੇ ਮੋਢਿਆਂ ਤੇ ਦੋਹਰੀ ਜਿੰਮੇਵਾਰੀ ਹੋਵੇਗੀ. ਕੇ ਐਲ ਰਾਹੁਲ ਪਿਛਲੇ ਮੈਚ ਦੇ ਮੁਕਾਬਲੇ ਇਸ ਮੈਚ ਲਈ ਇਲੈਵਨ ਵਿਚ ਬਦਲਾਅ ਕਰ ਸਕਦੇ ਹਨ. ਉਹ ਕ੍ਰਿਸ ਗੇਲ ਨੂੰ ਵਾਪਸ ਲਾਈਨ-ਅਪ ਵਿਚ ਸ਼ਾਮਲ ਕਰ ਸਕਦੇ ਹਨ.

ਰਾਹੁਲ ਤੇ ਗੇਲ ਦੀ ਜੋੜ੍ਹੀ ਨੇ ਪਿਛਲੇ ਸੀਜ਼ਨ ਵਿਚ ਪੂਰੇ ਆਈਪੀਐਲ ਵਿਚ ਧਮਾਲ ਮਚਾਇਆ ਸੀ. ਜੇ ਗੇਲ ਇਸ ਮੈਚ ਵਿਚ ਖੇਡਦੇ ਹਨ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਲਈ ਓਪਨਿੰਗ ਕੌਂ ਕਰਦਾ ਹੈ ਕਿਉਂਕਿ ਮਯੰਕ ਅਗਰਵਾਲ ਨੇ ਪਿਛਲੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਇਸਲਈ ਇਸ ਮੈਚ ਵਿਚ ਉਹਨਾਂ ਦਾ ਓਪਨਿੰਗ ਕਰਨਾ ਲਗਭਗ ਤੈਅ ਹੈੈ. ਇਸ ਮੈਚ ਚ ਵੀ ਮਯੰਕ ਤੋਂ ਟੀਮ ਨੂੰ ਕਾਫੀ ਉਮੀਦਾਂ ਹੋਣਗੀਆਂ.

ਪੰਜਾਬ ਦਾ ਮਿਡਲ ਆੱਰਡਰ

ਪਿਛਲੇ ਮੁਕਾਬਲੇ ਵਿਚ ਨਿਕੋਲਸ ਪੂਰਨ ਅਤੇ ਗਲੈਨ ਮੈਕਸਵੇਲ ਦਾ ਬੱਲਾ ਖਾਮੋਸ਼ ਰਿਹਾ ਸੀ ਤੇ ਸ਼ਾਇਦ ਇਹ ਵੀ ਇਕ ਕਾਰਨ ਸੀ ਕਿ ਪੰਜਾਬ ਮੈਚ ਨਹੀਂ ਜਿੱਤ ਸਕਿਆ. ਇਸ ਮੈਚ ਵਿਚ ਜੇ ਇਹ ਦੋਵੇਂ ਖਿਡਾਰੀ ਪਲੇਇੰਗ ਇਲੇਵਨ ਦਾ ਹਿੱਸਾ ਹੁੰਦੇ ਹਨ ਤਾਂ ਇਹਨਾਂ ਦੋਵਾਂ ਤੇ ਆਪਣੀ ਟੀਮ ਦੇ ਲਈ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ. ਪੂਰਨ ਤੇ ਮੈਕਸਵੇਲ ਪਹਿਲੇ ਮੈਚ ਤੋਂ ਪਹਿਲਾਂ ਸ਼ਾਨਦਾਰ ਫੌਰਮ ਚ ਨਜ਼ਰ ਆਏ ਸਨ. ਇਹਨਾਂ ਦੋਵਾਂ ਤੋਂ ਇਲਾਵਾ ਇਸ ਮੁਕਾਬਲੇ ਲਈ ਟੀਮ ਵਿਚ ਸਰਫਰਾਜ ਖਾਨ ਦੀ ਜਗ੍ਹਾ ਯੁਵਾ ਬੱਲੇਬਾਜ਼ ਮਨਦੀਪ ਸਿੰਘ ਨੂੰ ਇਲੈਵਨ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ.

ਪੰਜਾਬ ਦੀ ਟੀਮ ਵਿਚ ਆੱਲਰਾਉਂਡਰ ਦੀ ਭੂਮਿਕਾ ਕ੍ਰਿਸ਼ਨੱਪਾ ਗੌਥਮ ਨਿਭਾਉਂਦੇ ਹੋਏ ਨਜ਼ਰ ਆ ਸਕਦੇ ਹਨ. ਗੌਥਮ ਨੂੰ ਨਿਲਾਮੀ ਦੌਰਾਨ ਰਾਜਸਥਾਨ ਰਾਇਲਜ਼ ਤੋਂ ਟ੍ਰੇਡ ਕਰਕੇ ਪੰਜਾਬ ਵਿਚ ਸ਼ਾਮਿਲ ਕੀਤਾ ਗਿਆ ਸੀ ਤੇ ਗੌਥਮ ਵੀ ਆਪਣੀ ਨਵੀਂ ਫ੍ਰੈਂਚਾਇਜ਼ੀ ਲਈ ਆਪਣਾ ਬੈਸਟ ਪ੍ਰਦਰਸ਼ਨ ਕਰਨ ਲਈ ਬੇਤਾਬ ਹੋਣਗੇ. ਇਸ ਮੈਚ ਵਿਚ ਤੇਜ਼ ਗੇਂਦਬਾਜ਼ੀ ਦੀ ਕਮਾਨ ਇਕ ਵਾਰ ਫਿਰ ਸ਼ੈਲਡਨ ਕੌਟਰੇਲ, ਮੁਹੰਮਦ ਸ਼ਮੀ ਅਤੇ ਕ੍ਰਿਸ ਜੌਰਡਨ ਦੇ ਹੱਥਾਂ ਵਿਚ ਹੋਵੇਗੀ ਤੇ ਸਪਿਨ ਦੀ ਕਮਾਨ ਪਿਛਲੇ ਮੈਚ ਦੇ ਹੀਰੋ ਰਹੇ ਰਵੀ ਬਿਸ਼ਨੋਈ ਸੰਭਾਲਦੇ ਹੋਏ ਨਜ਼ਰ ਆਉਣਗੇ.

ਰਾਇਲ ਚੈਲੇਂਜ਼ਰਸ ਬੈਂਗਲੌਰ

ਪਹਿਲੇ ਮੈਚ ਵਿਚ ਜਿੱਤ ਹਾਸਿਲ ਕਰਨ ਤੋਂ ਬਾਅਦ ਹੁਣ ਵਿਰਾਟ ਕੋਹਲੀ ਦੀ ਟੀਮ ਦਾ ਸਾਹਮਣਾ ਕੇਐਲ ਰਾਹੁਲ ਦੀ ਕਿੰਗਜ਼ ਇਲੈਵਨ ਪੰਜਾਬ ਨਾਲ ਹੋਣ ਜਾ ਰਿਹਾ ਹੈ. ਆਰਸੀਬੀ ਨੇ ਆਪਣੇ ਪਿਛਲੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ. ਯੁਜਵੇਂਦਰ ਚਾਹਲ, ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਲਈ ਗੇਮ-ਚੇਂਜਰ ਰਹੇ ਜਦੋਂ ਕਿ ਨਵਦੀਪ ਸੈਣੀ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਮੱਧਕ੍ਰਮ ਵਿਚ ਅਹਿਮ ਵਿਕਟਾਂ ਲਈਆਂ. ਕੁਲ ਮਿਲਾ ਕੇ, ਬੱਲੇਬਾਜ਼ੀ ਤੋਂ ਲੈ ਕੇ ਗੇਂਦਬਾਜ਼ੀ ਤੱਕ, ਆਰਸੀਬੀ ਪਿਛਲੇ ਸੀਜ਼ਨ ਨਾਲੋਂ ਵਧੇਰੇ ਆਤਮਵਿਸ਼ਵਾਸ ਅਤੇ ਮਜ਼ਬੂਤ ​​ਦਿਖਾਈ ਦਿੱਤੀ.

ਵਿਰਾਟ ਇਸ ਮੈਚ ਵਿਚ ਵੀ ਪਿਛਲੇ ਮੁਕਾਬਲੇ ਵਾਲੀ ਪਲੇਇੰਗ ਇਲੈਵਨ ਨਾਲ ਹੀ ਮੈਦਾਨ ਵਿਚ ਉਤਰ ਸਕਦੇ ਹਨ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵਿਰਾਟ ਸੈਨਾ ਲਗਾਤਾਰ ਦੂਜੀ ਜਿੱਤ ਹਾਸਿਲ ਕਰਦੀ ਹੈ ਜਾਂ ਉਹਨਾਂ ਦੀ ਟੀਮ ਨੂੰ ਇਸ ਸੀਜ਼ਨ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ.

ਪਿਚ ਰਿਪੋਰਟ

ਪੰਜਾਬ ਅਤੇ ਬੈਂਗਲੌਰ ਦੇ ਵਿਚ ਹੋਣ ਵਾਲਾ ਮੁਕਾਬਲਾ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਏਗਾ. ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਥੇ ਦੀ ਪਿੱਚ ਕਾਫੀ ਧੀਮੀ ਹੋਵੇਗੀ ਅਤੇ ਸਪਿਨਰਾਂ ਨੂੰ ਵਧੇਰੇ ਮਦਦ ਮਿਲੇਗੀ.

ਮੌਸਮ ਦੀ ਭੱਵਿਖਵਾਣੀ

ਦੁਬਈ ਵਿੱਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਪਰ ਜਿਵੇਂ-ਜਿਵੇਂ ਸੂਰਜ ਡੁੱਬਦਾ ਜਾਏਗਾ, ਸ਼ਾਮ ਨੂੰ ਤਾਪਮਾਨ 34 ਤੋਂ 32 ਡਿਗਰੀ ਸੈਲਸੀਅਸ ਤੱਕ ਆ ਸਕਦਾ ਹੈ.  ਮੈਚ ਦੌਰਾਨ ਭਾਰੀ ਗਰਮੀ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੂੰ ਪਰੇਸ਼ਾਨ ਕਰਨ ਦਾ ਕੰਮ ਕਰ ਸਕਦੀ ਹੈ. ਇਸ ਦੇ ਨਾਲ ਹੀ ਮੈਚ ਦੀ ਦੂਜੀ ਪਾਰੀ ਵਿਚ Dew ਅਹਿਮ ਭੂਮਿਕਾ ਨਿਭਾ ਸਕਦੀ ਹੈ.

 

ਸੰਭਾਵਿਤ ਪਲੇਇੰਗ ਇਲੈਵਨ

ਕਿੰਗਸ ਇਲੈਵਨ ਪੰਜਾਬ: ਮਯੰਕ ਅਗਰਵਾਲ, ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਕਰੁਣ ਨਾਇਰ, ਸਰਫਰਾਜ਼ ਖਾਨ/ ਮਨਦੀਪ ਸਿੰਘ, ਕ੍ਰਿਸ ਗੇਲ/ਗਲੇਨ ਮੈਕਸਵੈਲ, ਨਿਕੋਲਸ ਪੂਰਨ, ਕ੍ਰਿਸ਼ਨੱਪਾ ਗੋਥਮ, ਕ੍ਰਿਸ ਜਾਰਡਨ, ਮੁਹੰਮਦ ਸ਼ਮੀ, ਰਵੀ ਬਿਸ਼ਨੋਈ, ਸ਼ੈਲਡਨ ਕੌਟਰੇਲ

ਰਾਇਲ ਚੈਲੇਂਜ਼ਰਸ ਬੈਂਗਲੌਰ: ਦੇਵਦੱਤ ਪਡਿਕਲ, ਐਰੋਨ ਫਿੰਚ, ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਜੋਸ਼ ਫਿਲਿਪ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਉਮੇਸ਼ ਯਾਦਵ, ਡੇਲ ਸਟੇਨ.

 

 

TAGS