ਰਾਜਸਥਾਨ ਰਾਇਲਜ਼ ਨੂੰ ਆਪਣੇ ਖਿਡਾਰੀਆਂ ਤੋਂ ਜਿਸ ਸਾਂਝੇ ਪ੍ਰਦਰਸ਼ਨ ਦੀ ਉਮੀਦ ਸੀ ਸੋਮਵਾਰ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਉਹੀ ਦੇਖਣ ਨੂੰ ਮਿਲਿਆ. ਗੇਂਦਬਾਜ਼ਾਂ ਤੋਂ ਬਾਅਦ ਰਾਜਸਥਾਨ ਰਾਇਲਜ਼ ਨੇ ਜੋਸ ਬਟਲਰ (ਨਾਬਾਦ 70) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ.
ਰਾਜਸਥਾਨ ਦੇ ਗੇਂਦਬਾਜ਼ਾਂ ਨੇ ਚੇਨਈ ਦੀ ਵੱਡੀ ਸਕੋਰ ਦੀ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ. ਚੇਨਈ 20 ਓਵਰਾਂ ਵਿਚ ਪੰਜ ਵਿਕਟਾਂ ਗੁਆ ਕੇ 125 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ. ਇਸ ਦੇ ਜਵਾਬ ਵਿਚ ਰਾਜਸਥਾਨ ਦੇ ਤਿੰਨ ਵਿਕਟ ਛੇਤੀ ਆਉਟ ਹੋ ਗਏ, ਪਰ ਬਟਲਰ ਅਤੇ ਕਪਤਾਨ ਸਟੀਵ ਸਮਿਥ (ਨਾਬਾਦ 26) ਨੇ ਚੌਥੇ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾ ਦਿੱਤੀ.
ਬੱਲੇ ਨਾਲ ਚੰਗੀ ਸ਼ੁਰੂਆਤ ਕਰਨ 'ਚ ਨਾਕਾਮ ਰਹਿਣ ਤੋਂ ਬਾਅਦ ਚੇਨਈ ਨੇ ਗੇਂਦ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ. ਉਹਨਾਂ ਨੇ ਰਾਜਸਥਾਨ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ 28 ਦੇ ਕੁਲ ਸਕੋਰ ਤੇ ਹੀ ਪਵੇਲੀਅਨ ਭੇਜ ਦਿੱਤਾ.
ਦੀਪਕ ਚਾਹਰ ਨੇ ਪਹਿਲਾਂ ਬੇਨ ਸਟੋਕਸ (19) ਨੂੰ ਬੋਲਡ ਕੀਤਾ. ਫਿਰ ਅਗਲੇ ਹੀ ਓਵਰ ਵਿਚ ਜੋਸ਼ ਹੇਜ਼ਲਵੁੱਡ ਨੇ ਚੇਨਈ ਨੂੰ ਇਕ ਹੋਰ ਸਫਲਤਾ ਦਿਵਾਉਂਦੇ ਹੋਏ ਰੌਬਿਨ ਉਥੱਪਾ (4) ਨੂੰ ਆਉਟ ਕੀਤਾ. ਚਾਹਰ ਨੇ ਫਿਰ ਸੰਜੂ ਸੈਮਸਨ (0) ਨੂੰ ਧੋਨੀ ਦੇ ਹੱਥੋਂ ਕੈਚ ਕਰਵਾ ਕੇ ਚੇਨਈ ਨੂੰ ਤੀਜੀ ਸਫਲਤਾ ਦਿਲਵਾਈ.
ਇਥੋਂ, ਕਪਤਾਨ ਸਮਿੱਥ ਅਤੇ ਬਟਲਰ ਨੇ ਰਾਜਸਥਾਨ ਦੀ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਜਿੱਤ ਦਿਵਾਈ. ਸਮਿਥ ਥੋੜਾ ਹੌਲੀ ਖੇਡ ਰਹੇ ਸੀ, ਪਰ ਬਟਲਰ ਆਪਣੀ ਸ਼ੈਲੀ ਵਿਚ ਬੱਲੇਬਾਜ਼ੀ ਕਰ ਰਹੇ ਸੀ. ਦੋਵੇਂ ਟੀਮ ਨੂੰ ਜਿਤਾਉਣ ਵਿਚ ਕਾਮਯਾਬ ਰਹੇ.
ਬਟਲਰ ਨੇ ਆਪਣੀ ਨਾਬਾਦ ਪਾਰੀ ਵਿਚ 48 ਗੇਂਦਾਂ ਖੇਡੀਆਂ ਅਤੇ ਸੱਤ ਚੌਕੇ, ਦੋ ਛੱਕੇ ਲਗਾਏ.
ਇਹ ਮਹਿੰਦਰ ਸਿੰਘ ਧੋਨੀ ਦਾ 200 ਵਾਂ ਆਈਪੀਐਲ ਮੈਚ ਸੀ, ਮਾਹੀ ਦੀ ਕਪਤਾਨੀ ਹੇਠਾਂ ਚੇਨਈ ਦੀ ਟੀਮ ਤਿੰਨ ਵਾਰ ਚੈਂਪਿਅਨ ਬਣ ਚੁੱਕੀ ਹੈ, ਪਰ ਇਹ ਸੀਜਨ ਧੋਨੀ ਲਈ ਯਾਦਗਾਰੀ ਨਹੀਂ ਰਿਹਾ ਹੈ. ਸੀਐਸਕੇ ਦੇ ਬੱਲੇਬਾਜ਼ਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕੀਤਾ ਹੈ. ਧੋਨੀ ਖੁਦ ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ ਹਨ.
ਇਨ-ਫੌਰਮ ਬੱਲੇਬਾਜ਼ ਫਾਫ ਡੂ ਪਲੇਸਿਸ (10) ਸਸਤੇ ਵਿੱਚ ਆਉਟ ਹੋ ਗਏ, ਜਦੋਂਕਿ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੇ ਸ਼ੇਨ ਵਾਟਸਨ (8) ਨੂੰ ਆਪਣੇ ਜਾਲ ਵਿੱਚ ਫਸਾਇਆ.
ਸੈਮ ਕੁਰੇਨ (22) ਚੰਗੀ ਫੌਰਮ 'ਚ ਨਜ਼ਰ ਆਏ ਪਰ ਚੇਨਈ ਲਈ ਵੱਡੀ ਪਾਰੀ ਖੇਡਣ ਤੋਂ ਪਹਿਲਾਂ ਸ਼੍ਰੇਅਸ ਗੋਪਾਲ ਨੇ ਉਹਨਾਂ ਨੂੰ ਆਉਟ ਕਰ ਦਿੱਤਾ. ਰਾਹੁਲ ਤੇਵਤੀਆ ਨੇ ਅੰਬਾਤੀ ਰਾਇਡੂ (13) ਨੂੰ ਆਉਟ ਕਰਕੇ ਚੇਨਈ ਨੂੰ ਚੌਥਾ ਝਟਕਾ ਦਿੱਤਾ ਅਤੇ ਕੁਲ ਸਕੋਰ 56/4 ਕਰ ਦਿੱਤਾ.
ਫਿਰ ਧੋਨੀ ਅਤੇ ਰਵਿੰਦਰ ਜਡੇਜਾ ਨੇ ਟੀਮ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਰਾਜਸਥਾਨ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ. ਧੋਨੀ (28) ਕੁੱਲ 107 ਦੌੜਾਂ 'ਤੇ ਰਨ ਆਉਟ ਹੋ ਗਏ.
ਜਡੇਜਾ ਅਤੇ ਕੇਦਾਰ ਜਾਧਵ ਅੰਤ ਵਿੱਚ ਰਨ ਰੇਟ ਨਹੀਂ ਵਧਾ ਸਕੇ. ਜਡੇਜਾ 30 ਗੇਂਦਾਂ ਵਿੱਚ 35 ਅਤੇ ਜਾਧਵ ਚਾਰ ਦੌੜਾਂ ਬਣਾ ਕੇ ਨਾਬਾਦ ਪਰਤੇ.
ਰਾਜਸਥਾਨ ਲਈ ਤਿਆਗੀ, ਤੇਵਤੀਆ, ਗੋਪਾਲ, ਆਰਚਰ ਨੇ ਇਕ-ਇਕ ਵਿਕਟ ਲਿਆ.