IPL 2020: ਸ਼੍ਰੇਅਸ ਅਈਅਰ ਨੇ ਦੱਸਿਆ ਮੈਚ ਦਾ ਟਰਨਿੰਗ ਪੁਆਇੰਟ, ਜਿੱਥੇ ਦਿੱਲੀ ਕੈਪਿਟਲਸ ਹਾਰੀ ਮੈਚ
ਮੰਗਲਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ 88 ਦੌੜਾਂ ਦੀ ਹਾਰ ਤੋਂ ਬਾਅਦ, ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਹਨਾਂ ਦੀ ਟੀਮ ਪਾਵਰਪਲੇ ਵਿਚ ਹੀ ਮੈਚ ਹਾਰ ਗਈ ਸੀ ਕਿਉਂਕਿ ਡੇਵਿਡ ਵਾਰਨਰ ਅਤੇ ਰਿਧੀਮਾਨ ਸਾਹਾ ਨੇ 6 ਓਵਰਾਂ ਵਿਚ 77 ਦੌੜਾਂ ਬਣਾ ਦਿੱਤੀਆਂ ਸੀ. 220 ਦੌੜਾਂ ਦੇ ਵੱਡੇ ਸਕੋਰ ਦਾ ਪਿੱਛਾ ਕਰਦਿਆਂ, ਦਿੱਲੀ ਦੀ ਟੀਮ ਬੁਰੀ ਤਰ੍ਹਾਂ ਫਲਾਪ ਹੋ ਗਈ ਅਤੇ 19 ਓਵਰਾਂ ਵਿਚ 131 ਦੌੜਾਂ ਹੀ ਬਣਾ ਸਕੀ. ਉਹਨਾਂ ਦੇ ਵੱਲੋਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ. ਇਸ ਤੋਂ ਇਲਾਵਾ ਅਜਿੰਕਿਆ ਰਹਾਣੇ ਨੇ 26 ਅਤੇ ਸ਼ਿਮਰਨ ਹਿੱਟਮੇਅਰ ਨੇ 16 ਦੌੜਾਂ ਬਣਾਈਆਂ. ਤੁਸ਼ਾਰ ਦੇਸ਼ਪਾਂਡੇ 20 ਦੌੜਾਂ ਬਣਾ ਕੇ ਨਾਬਾਦ ਪਰਤੇ.
ਹੈਦਰਾਬਾਦ ਲਈ ਰਾਸ਼ਿਦ ਖਾਨ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ ਜਦਕਿ ਸੰਦੀਪ ਸ਼ਰਮਾ ਅਤੇ ਟੀ. ਨਟਰਾਜਨ ਨੇ ਦੋ ਸਫਲਤਾਵਾਂ ਹਾਸਲ ਕੀਤੀਆਂ.
ਮੈਚ ਤੋਂ ਬਾਅਦ ਅਈਅਰ ਨੇ ਕਿਹਾ, "ਇਹ ਨਿਸ਼ਚਤ ਰੂਪ ਨਾਲ ਸਾਡੇ ਲਈ ਵੱਡੀ ਹਾਰ ਹੈ. ਸਾਨੂੰ ਪੁਆਇੰਟਸ ਦੀ ਲੋੜ ਹੈ ਅਤੇ ਇਹ ਸਾਨੂੰ ਨਹੀਂ ਮਿਲ ਰਹੇ. ਸਾਡੇ ਕੋਲ ਹੁਣੇ ਦੋ ਮੈਚ ਹਨ ਅਤੇ ਸਾਨੂੰ ਇਕ ਮੈਚ ਜਿੱਤਣਾ ਹੈ. ਇਹ ਬਹੁਤ ਮਹੱਤਵਪੂਰਨ ਹੈ. ਅਸੀਂ ਪਿਛਲੇ ਤਿੰਨ ਮੈਚਾਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਹਾਂ ਪਰ ਅਸੀਂ ਜ਼ੋਰਦਾਰ ਤਰੀਕੇ ਨਾਲ ਵਾਪਸ ਆਵਾਂਗੇ. ਅਸੀਂ ਇਸ ਹਾਰ ਤੋਂ ਬਾਅਦ ਪ੍ਰੇਰਿਤ ਹਾਂ. ਖੈਰ, ਜੇ ਅਸੀਂ ਇਸ ਮੈਚ ਦੀ ਗੱਲ ਕਰੀਏ ਤਾਂ ਇਹ ਮੈਚ ਅਸੀਂ ਪਾਵਰਪਲੇਅ ਵਿਚ ਹੀ ਹਾਰ ਗਏ. ਸਾਨੂੰ ਕੁਝ ਅਲਗ ਕਰਨ ਦੀ ਜ਼ਰੂਰਤ ਸੀ ਪਰ ਅਸੀਂ ਨਹੀਂ ਕਰ ਸਕੇ."
ਵਾਰਨਰ ਅਤੇ ਸਾਹਾ ਨੇ ਪਹਿਲੇ ਛੇ ਓਵਰਾਂ ਵਿੱਚ 77 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਨਵਾਂ ਰਿਕਾਰਡ ਕਾਇਮ ਕੀਤਾ. ਵਾਰਨਰ ਨੇ ਪਾਵਰਪਲੇਅ ਵਿੱਚ ਅਰਧ ਸੈਂਕੜਾ ਜੜਿਆ ਅਤੇ ਇਸ ਸੀਜ਼ਨ ਵਿੱਚ ਅਜਿਹਾ ਕਰਨ ਵਾਲੇ ਪਹਿਲਾ ਬੱਲੇਬਾਜ਼ ਬਣ ਗਏ. ਇਸ ਜਿੱਤ ਨਾਲ ਹੈਦਰਾਬਾਦ ਦੀ ਟੀਮ 8 ਟੀਮਾਂ ਦੀ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਪਹੁੰਚ ਗਈ ਹੈ. ਦਿੱਲੀ ਨੂੰ ਆਪਣੀ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹੁਣ ਉਹ 12 ਮੈਚਾਂ ਵਿਚੋਂ 14 ਅੰਕਾਂ ਨਾਲ ਤੀਜੇ ਸਥਾਨ 'ਤੇ ਖਿਸਕ ਗਈ ਹੈ. ਇਸ ਹਾਰ ਨਾਲ ਫਿਲਹਾਲ ਦਿੱਲੀ ਪਲੇਆਫ ਵਿਚ ਜਾਣ ਵਾਲੀ ਪਹਿਲੀ ਟੀਮ ਬਣਨ ਤੋਂ ਰੁੱਕ ਗਈ ਹੈ.