IPL 2022: ਡੇਵੋਨ ਕੋਨਵੇ ਅਤੇ ਗੇਂਦਬਾਜ਼ਾਂ ਨੇ ਮਚਾਇਆ ਧਮਾਲ, ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ 91 ਦੌੜਾਂ ਨਾਲ ਹਰਾਇਆ
ਮੋਇਨ ਅਲੀ (3/13) ਦੀ ਗੇਂਦਬਾਜ਼ੀ ਅਤੇ ਡੇਵੋਨ ਕੋਨਵੇ (87) ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ (CSK) ਨੇ ਐਤਵਾਰ ਨੂੰ ਇੱਥੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਖੇਡੇ ਗਏ ਆਈਪੀਐਲ 2022 ਦੇ 55ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 91 ਦੌੜਾਂ ਨਾਲ ਹਰਾਇਆ। ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 208 ਦੌੜਾਂ ਬਣਾਈਆਂ ਸਨ।
ਚੇਨਈ ਸੁਪਰ ਕਿੰਗਜ਼ ਵੱਲੋਂ ਦਿੱਤੇ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਸ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਡੇਵਿਡ ਵਾਰਨਰ ਅਤੇ ਐਸਕੇ ਭਰਤ ਨੇ ਪਾਰੀ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਚੇਨਈ ਦੇ ਗੇਂਦਬਾਜ਼ ਸਿਮਰਜੀਤ ਸਿੰਘ ਨੇ ਦਿੱਲੀ ਨੂੰ ਪਹਿਲਾ ਝਟਕਾ ਐਸਕੇ ਭਾਰਤ ਦੇ ਰੂਪ ਵਿੱਚ ਦਿੱਤਾ। ਉਸ ਨੇ ਬੱਲੇਬਾਜ਼ ਨੂੰ ਮੋਇਨ ਅਲੀ ਹੱਥੋਂ ਕੈਚ ਕਰਵਾਇਆ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਮਿਸ਼ੇਲ ਮਾਰਸ਼ ਕ੍ਰੀਜ਼ 'ਤੇ ਆਏ।
ਦਿੱਲੀ ਨੂੰ ਪੰਜਵੇਂ ਓਵਰ ਦੀ ਦੂਜੀ ਗੇਂਦ 'ਤੇ ਮਹੇਸ਼ ਤੀਕਸ਼ਾਨਾ ਤੋਂ ਇਕ ਹੋਰ ਝਟਕਾ ਲੱਗਾ। ਇਸ ਵਾਰ ਉਸ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਸ਼ਿਕਾਰ ਬਣੇ ਅਤੇ ਐਲਬੀਡਬਲਿਊ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਹਾਲਾਂਕਿ ਵਾਰਨਰ ਨੇ ਇਸ ਗੇਂਦ 'ਤੇ ਰਿਵਿਊ ਲਿਆ ਸੀ ਪਰ ਫੈਸਲਾ ਉਨ੍ਹਾਂ ਦੇ ਪੱਖ 'ਚ ਨਹੀਂ ਆਇਆ। ਉਸ ਨੇ 12 ਗੇਂਦਾਂ ਵਿੱਚ 19 ਦੌੜਾਂ ਬਣਾਈਆਂ। ਸੱਤ ਓਵਰਾਂ ਮਗਰੋਂ ਦਿੱਲੀ ਕੈਪੀਟਲਜ਼ ਦਾ ਸਕੋਰ ਦੋ ਵਿਕਟਾਂ ’ਤੇ 71 ਦੌੜਾਂ ਸੀ। ਵਾਰਨਰ ਦੇ ਆਊਟ ਹੋਣ ਤੋਂ ਬਾਅਦ ਰਿਸ਼ਭ ਪੰਤ ਕ੍ਰੀਜ਼ 'ਤੇ ਆਏ ਅਤੇ ਮਾਰਸ਼ ਪਹਿਲਾਂ ਤੋਂ ਹੀ ਕ੍ਰੀਜ਼ 'ਤੇ ਮੌਜੂਦ ਸਨ।
ਮੋਇਨ ਅਲੀ ਨੇ ਅੱਠਵੇਂ ਓਵਰ ਵਿੱਚ ਦਿੱਲੀ ਕੈਪੀਟਲਜ਼ ਨੂੰ ਤੀਜਾ ਝਟਕਾ ਦਿੱਤਾ। ਮਿਸ਼ੇਲ ਮਾਰਸ਼ ਮੋਈਨ ਅਲੀ ਦੀ ਗੇਂਦ 'ਤੇ ਵੱਡਾ ਸ਼ਾਟ ਮਾਰਨ ਦੇ ਜਾਲ 'ਚ ਫਸ ਕੇ ਰਿਤੂਰਾਜ ਗਾਇਕਵਾੜ ਦੇ ਹੱਥੋਂ ਕੈਚ ਹੋ ਗਏ। ਉਸ ਨੇ 20 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰੋਵਮੈਨ ਪਾਵੇਲ ਕ੍ਰੀਜ਼ 'ਤੇ ਆਏ। ਦਿੱਲੀ ਨੂੰ ਜਿੱਤ ਲਈ ਹੁਣ 72 ਗੇਂਦਾਂ 'ਤੇ 136 ਦੌੜਾਂ ਦੀ ਲੋੜ ਸੀ।
ਮੋਇਨ ਅਲੀ ਨੇ ਇੱਕ ਵਾਰ ਫਿਰ ਮੈਚ ਦਾ ਰੁਖ ਬਦਲ ਦਿੱਤਾ ਅਤੇ ਆਪਣੇ 10ਵੇਂ ਓਵਰ ਵਿੱਚ ਦੋ ਵਿਕਟਾਂ ਲਈਆਂ। ਉਸ ਨੇ ਓਵਰ ਦੀ ਪਹਿਲੀ ਗੇਂਦ 'ਤੇ ਰਿਸ਼ਭ ਪੰਤ (21) ਨੂੰ ਬੋਲਡ ਕੀਤਾ। ਇਸ ਤੋਂ ਬਾਅਦ ਚੌਥੀ ਗੇਂਦ 'ਤੇ ਰਿਪਲ ਪਟੇਲ ਨੂੰ ਬਾਊਂਡਰੀ ਲਾਈਨ 'ਤੇ ਕੋਨਵੇ ਨੇ ਕੈਚ ਕਰ ਲਿਆ। 10ਵੇਂ ਓਵਰ ਤੋਂ ਬਾਅਦ ਦਿੱਲੀ ਦਾ ਸਕੋਰ ਪੰਜ ਵਿਕਟਾਂ 'ਤੇ 82 ਦੌੜਾਂ ਸੀ। ਇਸ ਤੋਂ ਬਾਅਦ ਅਕਸ਼ਰ ਪਟੇਲ ਕ੍ਰੀਜ਼ 'ਤੇ ਆਏ ਅਤੇ ਰੋਵਮੈਨ ਪਾਵੇਲ ਨਾਲ ਪਾਰੀ ਦੀ ਅਗਵਾਈ ਕੀਤੀ।
ਇਸ ਦੇ ਨਾਲ ਹੀ 11ਵੇਂ ਓਵਰ ਵਿੱਚ ਇੱਕ ਵਾਰ ਫਿਰ ਦਿੱਲੀ ਨੂੰ ਦੋ ਝਟਕੇ ਲੱਗੇ। ਜਿੱਥੇ ਮੁਕੇਸ਼ ਚੌਧਰੀ ਨੇ ਓਵਰ ਦੀ ਪਹਿਲੀ ਗੇਂਦ 'ਤੇ ਅਕਸ਼ਰ ਪਟੇਲ ਨੂੰ ਕਲੀਨ ਬੋਲਡ ਕੀਤਾ ਅਤੇ ਪੰਜਵੀਂ ਗੇਂਦ 'ਤੇ ਰੋਵਮੈਨ ਪਾਵੇਲ ਨੂੰ ਧੋਨੀ ਹੱਥੋਂ ਕੈਚ ਕਰਵਾਇਆ। 11 ਓਵਰਾਂ ਮਗਰੋਂ ਦਿੱਲੀ ਦਾ ਸਕੋਰ ਸੱਤ ਵਿਕਟਾਂ ’ਤੇ 85 ਦੌੜਾਂ ਸੀ। ਦੋਵੇਂ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਹੁਣ ਕੁਲਦੀਪ ਯਾਦਵ ਅਤੇ ਸ਼ਾਰਦੁਲ ਠਾਕੁਰ ਕ੍ਰੀਜ਼ 'ਤੇ ਮੌਜੂਦ ਸਨ ਅਤੇ ਇੱਥੋਂ ਦਿੱਲੀ ਨੇ ਖੁਦ ਹੀ ਹਾਰ ਮੰਨ ਲਈ। ਇਸ ਮੈਚ ਦੀ ਗੱਲ ਕਰੀਏ ਤਾਂ ਕੋਨਵੇ ਨੂੰ ਪਾਰੀ ਵਿੱਚ ਸ਼ਾਨਦਾਰ ਬੱਲੇਬਾਜ਼ੀ ਲਈ ‘ਮੈਨ ਆਫ ਦਾ ਮੈਚ’ ਚੁਣਿਆ ਗਿਆ।