IPL 2021: ਦਿੱਲੀ ਨੂੰ 3 ਵਿਕਟਾਂ ਨਾਲ ਹਰਾ ਕੇ ਕੇਕੇਆਰ ਫਾਈਨਲ ਵਿੱਚ ਪਹੁੰਚਿਆ, ਅਈਅਰ-ਗਿਲ ਬਣੇ ਜਿੱਤ ਦੇ ਹੀਰੋ
ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਬੁੱਧਵਾਰ (13 ਅਕਤੂਬਰ) ਨੂੰ ਸ਼ਾਰਜਾਹ ਵਿੱਚ ਖੇਡੇ ਗਏ ਆਈਪੀਐਲ 2021 ਦੇ ਦੂਜੇ ਕੁਆਲੀਫਾਇਰ ਮੈਚ ਵਿੱਚ ਦਿੱਲੀ ਕੈਪੀਟਲਜ਼ (ਡੀਸੀ) ਨੂੰ 3 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ, ਜਿੱਥੇ ਉਨ੍ਹਾਂ ਦਾ ਸਾਹਮਣਾ 15 ਅਕਤੂਬਰ ਨੂੰ ਚੇਨਈ ਸੁਪਰ ਨਾਲ ਹੋਵੇਗਾ। ਦਿੱਲੀ ਦੀਆਂ 135 ਦੌੜਾਂ ਦੇ ਜਵਾਬ ਵਿੱਚ ਕੋਲਕਾਤਾ ਦੀ ਟੀਮ ਨੇ 1 ਗੇਂਦ ਬਾਕੀ ਰਹਿੰਦਿਆਂ ਰੋਮਾਂਚਕ ਮੈਚ ਜਿੱਤ ਲਿਆ।
ਵੇਂਕਟੇਸ਼ ਅਈਅਰ ਨੂੰ ਉਸ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਮੈਨ ਆਫ ਦਿ ਮੈਚ ਚੁਣਿਆ ਗਿਆ ਹੈ। ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 135 ਦੌੜਾਂ ਬਣਾਈਆਂ। ਸ਼ਿਖਰ ਧਵਨ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ, ਇਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ ਅਜੇਤੂ 30 ਦੌੜਾਂ ਦੀ ਪਾਰੀ ਖੇਡੀ।
ਕੋਲਕਾਤਾ ਲਈ ਵਰੁਣ ਚੱਕਰਵਰਤੀ ਨੇ ਦੋ, ਲੌਕੀ ਫਰਗੂਸਨ ਅਤੇ ਸ਼ਿਵਮ ਮਾਵੀ ਨੇ ਇੱਕ -ਇੱਕ ਵਿਕਟ ਲਈ। ਕੋਲਕਾਤਾ ਨੇ ਜਿੱਤ ਦੇ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਵੈਂਕਟੇਸ਼ ਅਈਅਰ ਅਤੇ ਸ਼ੁਬਮਨ ਗਿੱਲ ਨੇ ਮਿਲ ਕੇ ਪਹਿਲੇ ਵਿਕਟ ਲਈ 96 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
ਅਈਅਰ ਨੇ 41 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ। ਦੂਜੇ ਪਾਸੇ ਗਿੱਲ ਨੇ 46 ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 46 ਦੌੜਾਂ ਬਣਾਈਆਂ।