ਆਸਟਰੇਲੀਆ ਨੂੰ ਲੱਗਾ ਵੱਡਾ ਝਟਕਾ, ਭਾਰਤ ਖ਼ਿਲਾਫ਼ ਟੀ -20 ਸੀਰੀਜ਼ ਤੋਂ ਬਾਹਰ ਹੋਏ ਮਿਸ਼ੇਲ ਸਟਾਰਕ
ਆਸਟਰੇਲੀਆ ਨੂੰ ਭਾਰਤ ਖਿਲਾਫ ਸਿਡਨੀ ਵਿਚ ਖੇਡੇ ਜਾਣ ਵਾਲੇ ਦੂਜੇ ਟੀ -20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਇਕ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨਿੱਜੀ ਕਾਰਨਾਂ ਕਰਕੇ ਟੀ -20 ਸੀਰੀਜ਼ ਦੇ ਬਾਕੀ ਦੋ ਮੈਚਾਂ ਤੋਂ ਬਾਹਰ ਹੋ ਗਏ ਹਨ। ਕ੍ਰਿਕਟ ਆਸਟਰੇਲੀਆ ਨੇ ਐਤਵਾਰ (6 ਦਸੰਬਰ) ਸਵੇਰੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਸਟਾਰਕ ਸ਼ਨੀਵਾਰ ਨੂੰ ਕੈਨਬਰਾ ਤੋਂ ਸਿਡਨੀ ਪਹੁੰਚਣ ਤੋਂ ਬਾਅਦ ਟੀਮ ਦਾ ਬਾਇਓ ਬੱਬਲ ਤੋਂ ਅਲਗ ਹੋ ਗਏ। ਸਟਾਰਕ ਪਰਿਵਾਰ ਵਿਚ ਕਿਸੇ ਮੈਂਬਰ ਦੇ ਬੀਮਾਰ ਹੋਣ ਕਾਰਨ ਉਹਨਾਂ ਨੇ ਇਸ ਲੜੀ ਤੋਂ ਆਪਣਾ ਨਾਮ ਵਾਪਿਸ ਲੈ ਲਿਆ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਟਾਰਕ ਕਦੋਂ ਟੀਮ ਵਿਚ ਸ਼ਾਮਲ ਹੋਣਗੇ।
ਭਾਰਤ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਲੜੀ 17 ਦਸੰਬਰ ਤੋਂ ਐਡੀਲੇਡ ਵਿੱਚ ਸ਼ੁਰੂ ਹੋਵੇਗੀ। ਆਸਟਰੇਲੀਆ ਚਾਹੁੰਦਾ ਹੈ ਕਿ ਸਟਾਰਕ ਇਸ ਲੜੀ ਤੋਂ ਪਹਿਲਾਂ ਟੀਮ ਵਿਚ ਸ਼ਾਮਲ ਹੋ ਜਾਣ।
ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਕਿਹਾ, "ਦੁਨੀਆ ਵਿੱਚ ਪਰਿਵਾਰ ਤੋਂ ਇਲਾਵਾ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੈ। ਅਸੀਂ ਮਿਚ (ਮਿਸ਼ੇਲ ਸਟਾਰਕ) ਨੂੰ ਜਿੰਨਾ ਸਮਾਂ ਚਾਹੀਦਾ ਹੈ ਦੇਵਾਂਗੇ ਅਤੇ ਉਸ ਨੂੰ ਖੁੱਲੀ ਬਾਹਾਂ ਨਾਲ ਟੀਮ ਵਿਚ ਸਵਾਗਤ ਕਰਾਂਗੇ ਜਦੋਂ ਵੀ ਉਹ ਮਹਿਸੂਸ ਕਰਦਾ ਹੈ ਕਿ ਇਹ ਸਮਾਂ ਉਸਦੇ ਅਤੇ ਉਸਦੇ ਪਰਿਵਾਰ ਲਈ ਸਹੀ ਹੈ।"
ਸਟਾਰਕ ਨੇ ਭਾਰਤ ਖਿਲਾਫ ਤੀਜਾ ਅਤੇ ਆਖਰੀ ਵਨਡੇ ਮੈਚ ਨਹੀਂ ਖੇਡਿਆ ਸੀ ਪਰ ਪਹਿਲੇ ਟੀ -20 ਲਈ ਪਲੇਇੰਗ ਇਲੈਵਨ ਵਿਚ ਵਾਪਸੀ ਕੀਤੀ ਸੀ। ਸਟਾਰਕ ਦੀ ਗੈਰਹਾਜ਼ਰੀ ਵਿਚ ਐਂਡਰਿਉ ਟਾਈ ਦੀ ਟੀਮ ਵਿਚ ਵਾਪਸੀ ਹੋ ਸਕਦੀ ਹੈ ਜਾਂ ਡੈਨੀਅਲ ਸੈਮਸ ਨੂੰ ਡੈਬਿਯੂ ਦਾ ਮੌਕਾ ਮਿਲ ਸਕਦਾ ਹੈ।