ਟੀ-20 ਵਿਸ਼ਵ ਕੱਪ : ਰੋਮਾਂਚਕ ਮੈਚ 'ਚ ਨਾਮੀਬੀਆ ਨੇ ਸਕਾਟਲੈਂਡ ਨੂੰ 4 ਵਿਕਟਾਂ ਨਾਲ ਹਰਾਇਆ, ਇਹ ਦੋਵੇਂ ਖਿਡਾਰੀ ਬਣੇ ਜਿੱਤ ਦੇ ਹੀਰੋ
ਰੂਬੇਨ ਟਰੰਪਲਮੈਨ ਅਤੇ ਜੇਜੇ ਸਮਿਤ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ ਨਾਮੀਬੀਆ ਨੇ ਬੁੱਧਵਾਰ (27 ਅਕਤੂਬਰ) ਨੂੰ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ 2021 ਦੇ ਮੈਚ ਵਿੱਚ ਸਕਾਟਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਸਕਾਟਲੈਂਡ ਦੀਆਂ 109 ਦੌੜਾਂ ਦੇ ਜਵਾਬ ਵਿੱਚ ਨਾਮੀਬੀਆ ਨੇ 19.1 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਜਿੱਤ ਦਰਜ ਕੀਤੀ।
ਟਾਸ ਹਾਰ ਕੇ ਬੱਲੇਬਾਜ਼ੀ ਕਰਦੇ ਹੋਏ ਸਕਾਟਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਪਹਿਲੇ ਹੀ ਓਵਰ ਵਿੱਚ ਟਰੰਪਮੈਨ ਨੇ ਤਿੰਨ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਥੋੜ੍ਹੇ-ਥੋੜ੍ਹੇ ਸਮੇਂ 'ਚ ਵਿਕਟਾਂ ਡਿੱਗਦੀਆਂ ਰਹੀਆਂ। ਸਕਾਟਲੈਂਡ ਨੇ ਮਾਈਕਲ ਲੀਸਕ (44) ਅਤੇ ਕ੍ਰਿਸ ਗ੍ਰੀਵਜ਼ (25) ਦੀਆਂ ਪਾਰੀਆਂ ਦੇ ਦਮ 'ਤੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 109 ਦੌੜਾਂ ਬਣਾਈਆਂ |
ਨਾਮੀਬੀਆ ਲਈ ਰੁਬੇਨ ਟਰੰਪਲਮੈਨ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਜੇਮਸ ਫਰਿਲਿੰਕ ਨੇ ਦੋ ਵਿਕਟਾਂ, ਜੇਜੇ ਸਮਿਤ ਅਤੇ ਡੇਵਿਡ ਵਾਈਜ਼ ਨੇ ਇਕ-ਇਕ ਵਿਕਟ ਆਪਣੇ ਖਾਤੇ ਵਿਚ ਪਾਈ। ਨਾਮੀਬੀਆ ਪੰਜ ਗੇਂਦਾਂ ਬਾਕੀ ਰਹਿ ਕੇ ਜਿੱਤ ਗਿਆ। ਜੇਜੇ ਸਮਿਤ ਨੇ 23 ਗੇਂਦਾਂ 'ਤੇ ਨਾਬਾਦ 32 ਦੌੜਾਂ ਬਣਾਈਆਂ, ਇਸ ਤੋਂ ਇਲਾਵਾ ਕ੍ਰੇਗ ਵਿਲੀਅਮਜ਼ ਨੇ ਨਾਬਾਦ 23 ਦੌੜਾਂ ਬਣਾਈਆਂ।
ਸਕਾਟਲੈਂਡ ਲਈ ਮਾਈਕਲ ਲੀਸਕ ਨੇ ਦੋ, ਮਾਰਕ ਵਾਟ, ਕ੍ਰਿਸ ਗ੍ਰੀਵਜ਼, ਸਫਯਾਨ ਸ਼ਰੀਫ ਅਤੇ ਬ੍ਰੈਡਲੀ ਵ੍ਹੀਲ ਨੇ ਇਕ-ਇਕ ਵਿਕਟ ਲਈ। ਇਸ ਜਿੱਤ ਦੇ ਨਾਲ ਹੀ ਨਾਮੀਬੀਆ ਨੇ ਬਾਕੀ ਟੀਮਾਂ ਨੂੰ ਵੀ ਦੱਸ ਦਿੱਤਾ ਹੈ ਕਿ ਬਾਕੀ ਟੀਮਾਂ ਉਹਨਾਂ ਨੂੰ ਹਲਕੇ ਵਿਚ ਲੈਣ ਦੀ ਭੁੱਲ ਨਾ ਕਰਨ।