T20 World Cup : ਪਾਕਿਸਤਾਨ ਨੇ ਨਿਉਜ਼ੀਲੈਂਡ ਨੂੰ ਵੀ ਹਰਾਇਆ, ਬਾਬਰ ਆਜ਼ਮ ਨੇ ਕੀਤੀ ਮਲਿਕ ਅਤੇ ਆਸਿਫ ਅਲੀ ਦੀ ਤਾਰੀਫ
ਨਿਊਜ਼ੀਲੈਂਡ 'ਤੇ ਪੰਜ ਵਿਕਟਾਂ ਦੀ ਜਿੱਤ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਜਿੱਤ ਸ਼ਾਨਦਾਰ ਹੈ ਅਤੇ ਉਨ੍ਹਾਂ ਦੀ ਟੀਮ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦੇ ਆਗਾਮੀ ਮੈਚਾਂ 'ਚ ਆਪਣਾ ਆਤਮਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਕਰੇਗੀ।
ਆਸਿਫ ਅਲੀ ਅਤੇ ਸ਼ੋਏਬ ਮਲਿਕ ਦੀ ਬੱਲੇਬਾਜ਼ੀ ਤੋਂ ਬਾਅਦ ਹੈਰਿਸ ਰਾਊਫ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਪਾਕਿਸਤਾਨ ਨੇ ਮੰਗਲਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਪੁਰਸ਼ ਟੀ-20 ਵਿਸ਼ਵ ਕੱਪ 2021 ਦੇ ਸੁਪਰ 12 ਮੈਚ 'ਚ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪਾਕਿਸਤਾਨ ਨੇ ਟੂਰਨਾਮੈਂਟ ਦੇ ਦੋ ਮੈਚਾਂ ਵਿੱਚ ਦੋ ਜਿੱਤਾਂ ਦੇ ਨਾਲ ਪੁਆਇੰਟ ਟੇਬਲ ਤੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ।
ਬਾਬਰ ਨੇ ਇਸ ਜਿੱਤ ਤੋਂ ਬਾਅਦ ਕਿਹਾ, "ਜਿੱਤ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਅਤੇ ਅਸੀਂ ਆਤਮਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਸਪਿਨਰਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਅਤੇ ਹੈਰਿਸ ਅਤੇ ਸ਼ਾਹੀਨ ਨੇ ਇਸ ਨੂੰ ਅੱਗੇ ਵਧਾਇਆ। ਮੈਂ ਸਾਡੀ ਫੀਲਡਿੰਗ ਦੀ ਤਾਰੀਫ ਕਰਨਾ ਚਾਹੁੰਦਾ ਹਾਂ, ਜਿਸ ਨਾਲ ਅਸੀਂ ਇੱਥੇ ਪਹੁੰਚ ਗਏ ਹਾਂ। ਮੈਂ ਸੋਚਿਆ ਅਸੀਂ 10 ਦੌੜਾਂ ਵੱਧ ਦਿੱਤੀਆਂ ਜੋ ਕਿ ਬਹੁਤ ਜ਼ਿਆਦਾ ਸੀ ਪਰ ਇਹ ਕ੍ਰਿਕਟ ਹੈ ਅਤੇ ਅਜਿਹਾ ਹੁੰਦਾ ਹੈ।"
ਬਾਬਰ ਨੇ ਮਲਿਕ ਅਤੇ ਆਸਿਫ ਅਲੀ ਦੀ ਮੈਚ ਜੇਤੂ ਸਾਂਝੇਦਾਰੀ ਦੀ ਵੀ ਤਾਰੀਫ ਕੀਤੀ। ਉਹਨਾਂ ਨੇ ਕਿਹਾ, "ਬੱਲੇਬਾਜ਼ੀ ਕਰਦੇ ਸਮੇਂ, ਪਹਿਲਾਂ ਵਿਕਟਾਂ ਡਿੱਗ ਗਈਆਂ ਸਨ ਅਤੇ ਸਾਨੂੰ ਸਾਂਝੇਦਾਰੀ ਦੀ ਲੋੜ ਸੀ। ਮਲਿਕ ਨੇ ਤਜਰਬਾ ਦਿਖਾਇਆ ਅਤੇ ਆਸਿਫ ਅਲੀ ਨੇ ਵੀ ਯੋਗਦਾਨ ਦਿੱਤਾ। ਹਰ ਮੈਚ ਮਹੱਤਵਪੂਰਨ ਹੁੰਦਾ ਹੈ। ਕੋਈ ਆਸਾਨ ਮੈਚ ਨਹੀਂ ਹੁੰਦਾ ਹੈ।"