IPL 2022: ਬੇਅਰਸਟੋ-ਲਿਵਿੰਗਸਟੋਨ ਤੋਂ ਬਾਅਦ, ਗੇਂਦਬਾਜ਼ਾਂ ਨੇ ਤਬਾਹੀ ਮਚਾਈ, ਪੰਜਾਬ ਕਿੰਗਜ਼ ਨੇ RCB ਨੂੰ 54 ਦੌੜਾਂ ਨਾਲ ਹਰਾਇਆ
ਕਾਗਿਸੋ ਰਬਾਡਾ (3/21) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ-ਨਾਲ ਲਿਆਮ ਲਿਵਿੰਗਸਟੋਨ (70) ਅਤੇ ਜੌਨੀ ਬੇਅਰਸਟੋ (66) ਦੀ ਬੱਲੇਬਾਜ਼ੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਬਰੇਬੋਰਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ 60ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ 54 ਦੌੜ੍ਹਾਂ ਨਾਲ ਹਰਾ ਦਿੱਤਾ। ਪੰਜਾਬ ਨੇ 20 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 209 ਦੌੜਾਂ ਬਣਾਈਆਂ ਸਨ।
210 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਸ਼ੁਰੂਆਤ ਖ਼ਰਾਬ ਰਹੀ। ਵਿਰਾਟ ਕੋਹਲੀ ਅਤੇ ਕਪਤਾਨ ਫਾਫ ਡੂ ਪਲੇਸਿਸ ਨੇ ਪਾਰੀ ਦੀ ਅਗਵਾਈ ਕੀਤੀ। ਦੋਵਾਂ ਬੱਲੇਬਾਜ਼ਾਂ ਵਿਚਾਲੇ ਪਹਿਲੀ ਵਿਕਟ ਲਈ 33 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਕੋਹਲੀ ਇਕ ਵਾਰ ਫਿਰ ਆਪਣੇ ਬੱਲੇ ਨਾਲ ਦੌੜਾਂ ਬਣਾਉਣ 'ਚ ਨਾਕਾਮ ਰਹੇ। ਉਹ 14 ਗੇਂਦਾਂ ਵਿੱਚ ਸਿਰਫ਼ 20 ਦੌੜਾਂ ਬਣਾ ਕੇ ਗੇਂਦਬਾਜ਼ ਰਬਾਡਾ ਦੇ ਓਵਰ ਵਿੱਚ ਰਾਹੁਲ ਚਾਹਰ ਦੇ ਹੱਥੋਂ ਕੈਚ ਆਊਟ ਹੋ ਗਿਆ।
ਕੋਹਲੀ ਨੇ ਆਈਪੀਐੱਲ ਦੇ ਇਸ ਸੀਜ਼ਨ 'ਚ ਬੱਲੇ ਨਾਲ ਜ਼ਿਆਦਾ ਦੌੜਾਂ ਨਹੀਂ ਬਣਾਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਫਾਰਮ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਰਜਤ ਪਾਟੀਦਾਰ ਕ੍ਰੀਜ਼ 'ਤੇ ਆਏ। ਦੂਜੇ ਗੇਂਦਬਾਜ਼ ਧਵਨ ਨੇ ਆਪਣੇ ਪੰਜਵੇਂ ਓਵਰ ਵਿੱਚ ਹੀ ਮੈਚ ਦਾ ਰੁਖ ਬਦਲ ਦਿੱਤਾ। ਇਸ ਦੌਰਾਨ ਉਸ ਨੇ ਦੋ ਵਿਕਟਾਂ ਲੈ ਕੇ ਆਰਸੀਬੀ ਨੂੰ ਦੋਹਰਾ ਝਟਕਾ ਦਿੱਤਾ। ਧਵਨ ਨੇ ਪਹਿਲਾਂ ਫਾਫ ਡੂ ਪਲੇਸਿਸ ਨੂੰ ਆਉਟ ਕੀਤਾ ਅਤੇ ਇਸ ਤੋਂ ਬਾਅਦ ਓਵਰ ਦੀ ਪੰਜਵੀਂ ਗੇਂਦ 'ਤੇ ਬੱਲੇਬਾਜ਼ ਲੋਮਰੋਰ ਸ਼ਿਖਰ ਧਵਨ ਨੂੰ ਕੈਚ ਦੇ ਬੈਠੇ।
ਆਰਸੀਬੀ ਨੇ ਪਾਵਰਪਲੇ ਦੌਰਾਨ ਤਿੰਨ ਵਿਕਟਾਂ ਗੁਆ ਦਿੱਤੀਆਂ ਅਤੇ ਸਕੋਰ ਬੋਰਡ 'ਤੇ 44 ਦੌੜਾਂ ਜੋੜੀਆਂ। ਲੋਮਰੋਰ ਦੇ ਆਊਟ ਹੋਣ ਤੋਂ ਬਾਅਦ ਗਲੇਨ ਮੈਕਸਵੈੱਲ ਬੱਲੇਬਾਜ਼ੀ ਲਈ ਆਇਆ ਤਾਂ ਪਾਟੀਦਾਰ ਪਹਿਲਾਂ ਤੋਂ ਹੀ ਕ੍ਰੀਜ਼ 'ਤੇ ਮੌਜੂਦ ਸਨ। ਇਸ ਦੌਰਾਨ ਦੋਵਾਂ ਬੱਲੇਬਾਜ਼ਾਂ ਨੇ ਧਮਾਕੇਦਾਰ ਪਾਰੀਆਂ ਖੇਡੀਆਂ ਅਤੇ 10 ਦੌੜਾਂ ਪ੍ਰਤੀ ਓਵਰ ਦੀ ਰਨ ਰੇਟ ਨਾਲ ਸਕੋਰ ਬੋਰਡ ਨੇ 11ਵੇਂ ਓਵਰ ਵਿੱਚ 104 ਦੌੜਾਂ ਜੋੜੀਆਂ। ਦੋਵਾਂ ਬੱਲੇਬਾਜ਼ਾਂ ਵਿਚਾਲੇ 37 ਗੇਂਦਾਂ 'ਚ 64 ਦੌੜਾਂ ਦੀ ਸਾਂਝੇਦਾਰੀ ਹੋਈ।
ਗੇਂਦਬਾਜ਼ ਰਾਹੁਲ ਚਾਹਰ ਨੇ ਆਰਸੀਬੀ ਨੂੰ ਚੌਥਾ ਝਟਕਾ ਦਿੱਤਾ। ਰਜਤ ਪਾਟੀਦਾਰ ਨੇ 21 ਗੇਂਦਾਂ ਦੀ ਪਾਰੀ ਖੇਡੀ, ਜਿਸ ਵਿਚ ਉਸ ਨੇ ਦੋ ਛੱਕਿਆਂ ਅਤੇ ਇਕ ਚੌਕੇ ਦੀ ਮਦਦ ਨਾਲ 26 ਦੌੜਾਂ ਬਣਾਈਆਂ ਅਤੇ ਸ਼ਿਖਰ ਧਵਨ ਨੂੰ ਕੈਚ ਦੇ ਬੈਠਾ। ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਕ੍ਰੀਜ਼ 'ਤੇ ਆਏ, ਪਰ ਉਹ ਵੀ ਇਸ ਮੈਚ ਵਿਚ ਸਿਰਫ 11 ਦੌੜ੍ਹਾਂ ਬਣਾ ਕੇ ਆਉਟ ਹੋ ਗਏ ਅਤੇ ਆਰਸੀਬੀ ਦੀ ਜਿੱਤ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ। ਇਸ ਮੈਚ ਵਿਚ ਜੌਨੀ ਬੇਅਰਸਟੋ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ 'ਮੈਨ ਆਫ਼ ਦਾ ਮੈਚ' ਦਿੱਤਾ ਗਿਆ।