IPL 2022: ਜੋਸ ਬਟਲਰ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 23 ਦੌੜਾਂ ਨਾਲ ਹਰਾਇਆ
IPL 2022: ਜੋਸ ਬਟਲਰ ਦੇ ਸ਼ਾਨਦਾਰ ਸੈਂਕੜੇ, ਯੁਜਵੇਂਦਰ ਚਾਹਲ (2/26) ਅਤੇ ਨਵਦੀਪ ਸੈਣੀ (2/36) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਰਾਜਸਥਾਨ ਰਾਇਲਜ਼ ਨੇ ਸ਼ਨੀਵਾਰ ਨੂੰ ਇੱਥੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਖੇਡੇ ਗਏ ਆਈਪੀਐਲ 2022 ਦੇ ਨੌਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 23 ਨਾਲ ਹਰਾ ਦਿੱਤਾ। ਰਾਜਸਥਾਨ ਦੀਆਂ 193 ਦੌੜਾਂ ਦੇ ਜਵਾਬ 'ਚ ਮੁੰਬਈ ਦੀ ਟੀਮ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 170 ਦੌੜਾਂ ਹੀ ਬਣਾ ਸਕੀ।
ਹੁਣ ਦੋ ਮੈਚਾਂ ਵਿੱਚ ਲਗਾਤਾਰ ਦੋ ਜਿੱਤਾਂ ਨਾਲ ਰਾਜਸਥਾਨ ਅੰਕ ਸੂਚੀ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਮੁੰਬਈ ਦੋ ਹਾਰਾਂ ਨਾਲ ਨੌਵੇਂ ਨੰਬਰ 'ਤੇ ਪਹੁੰਚ ਗਈ ਹੈ। ਮੁੰਬਈ ਲਈ ਇਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਨੇ ਅਰਧ ਸੈਂਕੜੇ ਲਗਾਏ। ਰਾਜਸਥਾਨ ਲਈ ਯੁਜਵੇਂਦਰ ਚਾਹਲ ਅਤੇ ਨਵਦੀਪ ਸੈਣੀ ਨੇ ਦੋ-ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਆਰ ਅਸ਼ਵਿਨ, ਪ੍ਰਸਿੱਧ ਕ੍ਰਿਸ਼ਨਾ ਅਤੇ ਟ੍ਰੇਂਟ ਬੋਲਟ ਨੇ ਇਕ-ਇਕ ਵਿਕਟ ਲਈ।
ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਨੇ ਪਾਵਰਪਲੇ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 50 ਦੌੜਾਂ ਬਣਾਈਆਂ, ਜਿਸ ਦੌਰਾਨ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (10) ਅਤੇ ਅਨਮੋਲਪ੍ਰੀਤ ਸਿੰਘ (5) ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਦੌਰਾਨ ਈਸ਼ਾਨ ਕਿਸ਼ਨ ਨੇ ਵਧੀਆ ਬੱਲੇਬਾਜ਼ੀ ਕਰਦਿਆਂ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਦੂਜੇ ਸਿਰੇ 'ਤੇ ਤਿਲਕ ਵਰਮਾ ਨੇ ਈਸ਼ਾਨ ਦਾ ਸਾਥ ਦਿੱਤਾ। ਦੋਵਾਂ ਨੇ ਮਿਲ ਕੇ 11 ਓਵਰਾਂ ਬਾਅਦ ਟੀਮ ਦਾ ਸਕੋਰ 100 ਤੋਂ ਪਾਰ ਕਰ ਦਿੱਤਾ।
ਇਸ ਦੌਰਾਨ ਦੋਵਾਂ ਨੇ ਕੁਝ ਚੰਗੇ ਸ਼ਾਟ ਲਗਾਏ ਅਤੇ ਦੌੜਾਂ ਦੀ ਰਫਤਾਰ ਨੂੰ ਵਧਾਉਂਦੇ ਰਹੇ। ਅਜੇ ਟੀਮ ਨੂੰ ਜਿੱਤ ਲਈ 96 ਦੌੜਾਂ ਦੀ ਲੋੜ ਸੀ। ਇਸ ਦੇ ਨਾਲ ਹੀ ਈਸ਼ਾਨ ਨੇ 41 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪਰ ਉਹ 43 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 54 ਦੌੜਾਂ ਬਣਾ ਕੇ ਬੋਲਟ ਦਾ ਸ਼ਿਕਾਰ ਬਣੇ ਅਤੇ ਇਸ ਦੇ ਨਾਲ ਹੀ ਵਰਮਾ ਨਾਲ 54 ਗੇਂਦਾਂ ਵਿੱਚ 84 ਦੌੜਾਂ ਦੀ ਸਾਂਝੇਦਾਰੀ ਦਾ ਅੰਤ ਹੋ ਗਿਆ। ਇਸ ਤੋਂ ਬਾਅਦ ਮੁੰਬਈ ਦੀ ਟੀਮ ਨਹੀਂ ਸੰਭਲ ਸਕੀ ਅਤੇ ਰੋਹਿਤ ਸ਼ੜਮਾ ਦੀ ਟੀਮ ਨੂੰ 23 ਦੌੜ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।