ਪ੍ਰੈੱਸ ਕਾਨਫਰੰਸ 'ਚ ਰੋਹਿਤ ਨੇ ਦਿੱਤਾ ਸੰਕੇਤ, 'ਸੰਜੂ ਸੈਮਸਨ ਖੇਡਣਗੇ ਟੀ-20 ਵਰਲਡ ਕੱਪ'
ਵੈਸਟਇੰਡੀਜ਼ ਨੂੰ ਹਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਦੇ ਸਾਹਮਣੇ ਅਗਲੀ ਚੁਣੌਤੀ ਸ਼੍ਰੀਲੰਕਾ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਭਲਕੇ 24 ਫਰਵਰੀ ਨੂੰ ਖੇਡਿਆ ਜਾਵੇਗਾ। ਹਮੇਸ਼ਾ ਦੀ ਤਰ੍ਹਾਂ ਹਰ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਕਪਤਾਨ ਪ੍ਰੈੱਸ ਕਾਨਫਰੰਸ 'ਚ ਆਉਂਦੇ ਹਨ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਇਸ ਵਾਰ ਵੀ ਰੋਹਿਤ ਪ੍ਰੈੱਸ ਕਾਨਫਰੰਸ 'ਚ ਆਏ ਪਰ ਇਸ ਦੌਰਾਨ ਉਨ੍ਹਾਂ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।
ਸੰਜੂ ਸੈਮਸਨ ਇਕ ਅਜਿਹਾ ਨਾਂ ਹੈ ਜਿਸ ਨੂੰ ਭਾਰਤੀ ਟੀਮ 'ਚ ਕਈ ਮੌਕੇ ਦਿੱਤੇ ਗਏ ਪਰ ਉਹ ਅੰਤਰਰਾਸ਼ਟਰੀ ਪੱਧਰ 'ਤੇ ਖੁਦ ਨੂੰ ਸਾਬਤ ਕਰਨ 'ਚ ਨਾਕਾਮ ਰਿਹਾ ਪਰ ਪਹਿਲੇ ਟੀ-20 ਤੋਂ ਪਹਿਲਾਂ ਜਦੋਂ ਰੋਹਿਤ ਸ਼ਰਮਾ ਤੋਂ ਆਉਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਸੰਜੂ ਸੈਮਸਨ ਨੂੰ ਆਸਟ੍ਰੇਲੀਆ 'ਚ ਵਿਸ਼ਵ ਕੱਪ ਖੇਡਦੇ ਦੇਖਿਆ ਜਾ ਸਕਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੋਹਿਤ ਸ਼ਰਮਾ ਨੇ ਕਿਹਾ, "ਜਦੋਂ ਤੁਸੀਂ ਆਸਟ੍ਰੇਲੀਆ ਜਾਂਦੇ ਹੋ, ਤਾਂ ਤੁਹਾਨੂੰ ਵੱਡੇ ਸ਼ਾਟ ਖੇਡਣ ਦੀ ਸਮਰੱਥਾ ਵਾਲੇ ਕਿਸੇ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ ਅਤੇ ਸੰਜੂ ਸੈਮਸਨ ਯਕੀਨੀ ਤੌਰ 'ਤੇ ਇਸ ਮਾਪਦੰਡ 'ਤੇ ਪੂਰਾ ਉਤਰਦਾ ਹੈ।"
ਰੋਹਿਤ ਦੇ ਇਸ ਬਿਆਨ ਤੋਂ ਸਾਫ ਹੈ ਕਿ ਸੰਜੂ ਪਿਛਲੇ ਕੁਝ ਸਮੇਂ ਤੋਂ ਟੀਮ ਇੰਡੀਆ ਦੀ ਟੀ-20 ਟੀਮ ਦਾ ਹਿੱਸਾ ਨਹੀਂ ਹਨ ਪਰ ਸੰਜੂ ਸੈਮਸਨ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਨਜ਼ਰ ਆ ਸਕਦੇ ਹਨ।