ਸ਼੍ਰੀਲੰਕਾ ਨੇ ਕੰਗਾਰੂਆਂ ਨੂੰ ਹਰਾਇਆ, 52 ਸਾਲਾ ਜੈਸੂਰੀਆ ਹੋਇਆ ਭਾਵੁਕ
ਦਾਸੁਨ ਸ਼ਨਾਕਾ ਦੀ ਅਗਵਾਈ ਵਾਲੀ ਸ਼੍ਰੀਲੰਕਾ ਦੀ ਟੀਮ ਨੇ ਘਰੇਲੂ ਧਰਤੀ 'ਤੇ ਆਸਟ੍ਰੇਲੀਆ ਖਿਲਾਫ ਚੱਲ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ਼ ਜਿੱਤ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਸ਼੍ਰੀਲੰਕਾ ਨੇ ਹੁਣ ਤੱਕ ਖੇਡੇ ਗਏ ਚਾਰ ਮੈਚਾਂ 'ਚੋਂ ਤਿੰਨ ਜਿੱਤ ਕੇ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ ਅਤੇ ਇਸ ਜਿੱਤ ਤੋਂ ਬਾਅਦ ਕਈ ਦਿੱਗਜ ਸ਼੍ਰੀਲੰਕਾਈ ਟੀਮ ਨੂੰ ਵਧਾਈ ਦੇ ਰਹੇ ਹਨ।
ਲੰਕਾ ਲਾਇਨਜ਼ ਨੇ 30 ਸਾਲਾਂ ਵਿੱਚ ਪਹਿਲੀ ਵਾਰ ਆਸਟਰੇਲੀਆ ਨੂੰ ਘਰੇਲੂ ਵਨਡੇ ਸੀਰੀਜ਼ ਵਿੱਚ ਹਰਾਇਆ ਹੈ। ਇਸ ਯਾਦਗਾਰ ਜਿੱਤ ਤੋਂ ਬਾਅਦ ਸ਼੍ਰੀਲੰਕਾ ਦੇ ਦਿੱਗਜ ਕ੍ਰਿਕਟਰ ਸਨਥ ਜੈਸੂਰੀਆ ਨੇ ਵੀ ਟਵੀਟ ਕਰਕੇ ਸ਼੍ਰੀਲੰਕਾ ਦੀ ਤਾਰੀਫ ਕੀਤੀ ਹੈ ਅਤੇ ਆਪਣੀ ਟੀਮ ਨੂੰ ਵਧਾਈ ਦਿੱਤੀ ਹੈ। ਜੈਸੂਰੀਆ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਸ਼੍ਰੀਲੰਕਾ ਦੀ ਇਸ ਜਿੱਤ ਨੇ ਉਨ੍ਹਾਂ ਨੂੰ ਭਾਵੁਕ ਕਰ ਦਿੱਤਾ ਹੈ।
ਸਾਬਕਾ ਕਪਤਾਨ ਅਤੇ ਅਨੁਭਵੀ ਸਲਾਮੀ ਬੱਲੇਬਾਜ਼ ਜੈਸੂਰੀਆ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਟਵੀਟ ਕੀਤਾ ਅਤੇ ਲਿਖਿਆ, ''30 ਸਾਲਾਂ ਬਾਅਦ ਆਸਟਰੇਲੀਆ ਖਿਲਾਫ ਸ਼ਾਨਦਾਰ ਸੀਰੀਜ਼ ਜਿੱਤਣ 'ਤੇ ਜੇਤੂ ਸ਼੍ਰੀਲੰਕਾ ਟੀਮ ਨੂੰ ਵਧਾਈ! ਚੰਗੀ ਟੀਮ ਦੀ ਸ਼ਾਨਦਾਰ ਕੋਸ਼ਿਸ਼। ਬਹੁਤ ਵਧੀਆ ਮੁੰਡਿਓ! ਬਹੁਤ ਭਾਵੁਕ ਮਹਿਸੂਸ ਕਰ ਰਿਹਾ ਹਾਂ।"
ਜੈਸੂਰੀਆ ਤੋਂ ਇਲਾਵਾ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਰਸੇਲ ਅਰਨੋਲਡ ਨੇ ਵੀ ਲੰਕਾਈ ਟੀਮ ਨੂੰ ਵਧਾਈ ਦਿੱਤੀ ਹੈ। ਉਸ ਨੇ ਟਵੀਟ ਕੀਤਾ, "ਸ਼੍ਰੀਲੰਕਾ ਦੀ ਟੀਮ ਚੰਗੀ ਖੇਡੀ, ਟੀਮ ਦੀ ਸ਼ਾਨਦਾਰ ਕੋਸ਼ਿਸ਼ ਅਤੇ ਜਿੱਤਾਂ ਦੇਖ ਕੇ ਚੰਗਾ ਲੱਗਿਆ। ਅਜਿਹੀ ਜਿੱਤ ਦੇਖ ਕੇ ਬਹੁਤ ਚੰਗਾ ਲੱਗਾ।" ਕਾਬਿਲੇਗੌਰ ਹੈ ਕਿ ਸ਼੍ਰੀਲੰਕਾ ਦੀ ਇਸ ਜਿੱਤ ਨੇ ਨਾ ਸਿਰਫ ਸਾਬਕਾ ਕ੍ਰਿਕਟਰਾਂ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ, ਸਗੋਂ ਦੁਨੀਆ ਭਰ ਦੇ ਪ੍ਰਸ਼ੰਸਕ ਵੀ ਇਸ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹਨ।