BAN vs WI : ਸ਼ਾਕਿਬ ਅਲ ਹਸਨ ਨੇ ਬੈਨ ਤੋਂ ਵਾਪਸੀ ਕਰਦਿਆਂ ਹੀ ਮਚਾਇਆ ਧਮਾਲ, ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ।

Updated: Thu, Jan 21 2021 11:10 IST
Cricket Image for BAN vs WI : ਸ਼ਾਕਿਬ ਅਲ ਹਸਨ ਨੇ ਬੈਨ ਤੋਂ ਵਾਪਸੀ ਕਰਦਿਆਂ ਹੀ ਮਚਾਇਆ ਧਮਾਲ, ਬੰਗਲਾਦੇਸ਼ ਨੇ ਵੈਸਟਇ (Pic Credit- ICC Twitter)

ਅੰਤਰਰਾਸ਼ਟਰੀ ਕ੍ਰਿਕਟ ਤੋਂ ਇਕ ਸਾਲ ਦਾ ਬੈਨ ਝੇਲਣ ਤੋਂ ਬਾਅਦ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਮੇਜ਼ਬਾਨ ਬੰਗਲਾਦੇਸ਼ ਦੇ ਆਲਰਾਉੰਡਰ ਸ਼ਾਕਿਬ ਅਲ ਹਸਨ ਨੇ ਸ਼ਾਨਦਾਰ ਅੰਦਾਜ਼ ਵਿਚ ਵਾਪਸੀ ਕੀਤੀ ਹੈ। ਆਪਣੀ ਵਾਪਸੀ ਵਿਚ ਉਹਨਾਂ ਨੇ ਅੱਠ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਉਹਨਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਹੀ ਮੇਜ਼ਬਾਨ ਬੰਗਲਾਦੇਸ਼ ਨੇ ਬੁੱਧਵਾਰ ਨੂੰ ਇਥੇ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ਵਿਖੇ ਖੇਡੇ ਗਏ ਇੱਕ ਰੋਜ਼ਾ ਮੈਚ ਵਿੱਚ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ।

ਇਸ ਜਿੱਤ ਦੇ ਨਾਲ ਹੀ ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 1-0 ਦੀ ਬੜਤ ਹਾਸਲ ਕਰ ਲਈ। ਵਿਸ਼ਵ ਕੱਪ ਸੁਪਰ ਲੀਗ ਵਿਚ ਇਹ ਬੰਗਲਾਦੇਸ਼ ਦੀ ਪਹਿਲੀ ਜਿੱਤ ਹੈ।

ਮੇਜ਼ਬਾਨ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਮਹਿਮਾਨ ਵੈਸਟਇੰਡੀਜ਼ ਦੀ ਟੀਮ ਲਈ ਇਸ ਮੈਚ ਵਿਚ 6 ਖਿਡਾਰੀ ਆਪਣਾ ਡੈਬਿਯੂ ਕਰਦੇ ਹੋਏ ਨਜਰ ਆਏ। ਇਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਮਹਿਮਾਨ ਟੀਮ ਨੂੰ 32.2 ਓਵਰਾਂ ਵਿਚ 122 ਦੌੜਾਂ ‘ਤੇ ਢੇਰ ਕਰ ਦਿੱਤਾ। ਵੈਸਟਇੰਡੀਜ਼ ਲਈ ਕੇ ਮੇਅਰਸ ਨੇ ਸਭ ਤੋਂ ਵੱਧ 40, ਰੋਵਮਨ ਪਾਵੇਲ ਨੇ 28 ਅਤੇ ਕਪਤਾਨ ਜੇਸਨ ਮੁਹੰਮਦ ਨੇ 17 ਦੌੜਾਂ ਬਣਾਈਆਂ।

ਬੰਗਲਾਦੇਸ਼ ਲਈ ਸ਼ਾਕਿਬ ਨੇ 7.2 ਓਵਰਾਂ ਵਿੱਚ ਅੱਠ ਦੌੜਾਂ ਦੇ ਕੇ ਵੱਧ ਤੋਂ ਵੱਧ ਚਾਰ ਵਿਕਟਾਂ ਲਈਆਂ। ਘਰੇਲੂ ਇਕ ਰੋਜ਼ਾ ਮੈਚਾਂ ਵਿਚ ਇਹ ਸਾਕਿਬ ਦੀ 150 ਵੀਂ ਵਿਕਟ ਹੈ। ਉਸ ਤੋਂ ਇਲਾਵਾ ਹਸਨ ਮਹਿਮੂਦ ਨੇ ਆਪਣਾ ਪਹਿਲਾ ਮੈਚ ਖੇਡਦੇ ਹੋਏ ਤਿੰਨ ਵਿਕਟ, ਮੁਸਤਫਜ਼ੂਰ ਰਹਿਮਾਨ ਨੇ ਦੋ ਅਤੇ ਮਹਿੰਦੀ ਹਸਨ ਨੇ ਇੱਕ ਵਿਕਟ ਲਈ।

123 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ 33.5 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ ਇਹ ਹਾਸਲ ਕਰ ਲਿਆ। ਟੀਮ ਲਈ ਕਪਤਾਨ ਤਮੀਮ ਇਕਬਾਲ ਨੇ 44, ਸਾਕਿਬ ਨੇ 19, ਮੁਸ਼ਫਿਕੂਰ ਰਹੀਮ ਨੇ ਨਾਬਾਦ 19, ਲਿਟਨ ਦਾਸ ਨੇ 14 ਅਤੇ ਮਹਿਮੂਦੁੱਲਾ ਨੇ ਨਾਬਾਦ ਨੌਂ ਦੌੜ੍ਹਾਂ ਬਣਾਈਆਂ।

TAGS