ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 10 ਦੌੜਾਂ ਨਾਲ ਹਰਾਇਆ, ਫਿਰ ਵੀ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਪਾਈ ਟੀਮ
ਦੱਖਣੀ ਅਫਰੀਕਾ ਨੇ ਸ਼ਨੀਵਾਰ ਨੂੰ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ 2021 ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦੇ ਇੱਕ ਰੋਮਾਂਚਕ ਸੁਪਰ 12 ਮੈਚ ਵਿੱਚ ਇੰਗਲੈਂਡ ਨੂੰ 10 ਦੌੜਾਂ ਨਾਲ ਹਰਾ ਦਿੱਤਾ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਜਿੱਤ ਦੇ ਬਾਵਜੂਦ ਪ੍ਰੋਟੀਆਜ਼ ਟੀਮ ਟੂਰਨਾਮੈਂਟ ਦੇ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ।
ਉਨ੍ਹਾਂ ਨੂੰ ਇੰਗਲੈਂਡ ਨੂੰ 131 ਦੇ ਅੰਦਰ ਰੱਖਣ ਦੀ ਜ਼ਰੂਰਤ ਸੀ, ਪਰ ਬਾਵੁਮਾ ਦੀ ਅਗਵਾਈ ਵਾਲੀ ਟੀਮ ਅਜਿਹਾ ਕਰਨ ਵਿੱਚ ਅਸਫਲ ਰਹੀ। ਦੂਜੇ ਪਾਸੇ, ਇੰਗਲੈਂਡ ਨੂੰ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਲਈ 87 ਦੌੜ੍ਹਾਂ ਬਣਾਉਣ ਦੀ ਲੋੜ ਸੀ ਅਤੇ ਉਸ ਨੇ 11 ਓਵਰਾਂ ਦੇ ਅੰਦਰ ਹੀ ਇਹ ਟੀਚਾ ਹਾਸਲ ਕਰ ਲਿਆ ਸੀ।
ਰਾਸੀ ਵੈਨ ਡੇਰ ਡੁਸਨ (60 ਗੇਂਦਾਂ 'ਤੇ 94 ਦੌੜਾਂ) ਅਤੇ ਏਡਨ ਮਾਰਕਰਮ (25 ਗੇਂਦਾਂ 'ਤੇ 52 ਦੌੜਾਂ) ਦੇ ਸ਼ਾਨਦਾਰ ਅਜੇਤੂ ਅਰਧ ਸੈਂਕੜੇ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ 20 ਓਵਰਾਂ 'ਚ 189-2 ਦੌੜਾਂ 'ਬਣਾਈਆਂ ਸੀ। ਡੂਸਨ ਅਤੇ ਮਾਰਕਰਮ ਦੇ ਨਾਲ, ਕੁਇੰਟਨ ਡੀ ਕਾਕ ਨੇ ਵੀ ਦੱਖਣੀ ਅਫਰੀਕਾ ਲਈ ਇੱਕ ਮਹੱਤਵਪੂਰਨ ਪਾਰੀ (27 ਗੇਂਦਾਂ ਵਿੱਚ 34 ਦੌੜਾਂ) ਖੇਡੀ, ਜਦੋਂ ਕਿ ਮੋਈਨ ਅਲੀ (1/27) ਇੰਗਲੈਂਡ ਲਈ ਸਭ ਤੋਂ ਕਿਫਾਇਤੀ ਗੇਂਦਬਾਜ਼ ਸੀ।
ਜਵਾਬ 'ਚ ਇੰਗਲੈਂਡ ਦੀ ਟੀਮ 20 ਓਵਰਾਂ 'ਚ 179-8 'ਤੇ ਸਿਮਟ ਗਈ ਅਤੇ ਆਪਣਾ ਆਖਰੀ ਸੁਪਰ 12 ਮੈਚ 10 ਦੌੜਾਂ ਨਾਲ ਹਾਰ ਗਈ। ਇੰਗਲੈਂਡ ਲਈ ਮੋਈਨ ਅਲੀ (37) ਸਭ ਤੋਂ ਵੱਧ ਸਕੋਰਰ ਰਹੇ ਜਦਕਿ ਕਾਗਿਸੋ ਰਬਾਡਾ (3/48) ਦੱਖਣੀ ਅਫਰੀਕਾ ਲਈ ਸਭ ਤੋਂ ਸਫਲ ਗੇਂਦਬਾਜ਼ ਰਹੇ।