ਸ਼ੇਨ ਵਾਰਨ 'ਤੇ ਗਾਵਸਕਰ ਇਹ ਕੀ ਬੋਲ ਗਏ, ਫੈਂਸ ਕਰ ਰਹੇ ਹਨ ਟ੍ਰੋਲ
ਆਸਟ੍ਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦੇ ਅਚਾਨਕ ਦਿਹਾਂਤ ਨਾਲ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ ਹੈ। ਵਾਰਨ ਨੇ ਦਿਲ ਦਾ ਦੌਰਾ ਪੈਣ ਕਾਰਨ 52 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਵਾਰਨ ਦੇ ਜਾਣ ਤੋਂ ਬਾਅਦ ਹਰ ਕ੍ਰਿਕਟ ਪ੍ਰਸ਼ੰਸਕ ਉਦਾਸ ਨਜ਼ਰ ਆ ਰਿਹਾ ਹੈ ਪਰ ਇਸ ਦੌਰਾਨ ਸੁਨੀਲ ਗਾਵਸਕਰ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ।
ਗਾਵਸਕਰ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਅਤੇ ਭਾਰਤੀ ਸਪਿਨਰਾਂ ਨੂੰ ਸ਼ੇਨ ਵਾਰਨ ਤੋਂ ਬਿਹਤਰ ਮੰਨਦੇ ਹਨ। ਗਾਵਸਕਰ ਦਾ ਇਹ ਬਿਆਨ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਦਾ ਗੁੱਸਾ ਬੇਕਾਬੂ ਹੋ ਗਿਆ ਅਤੇ ਉਨ੍ਹਾਂ ਨੇ ਭਾਰਤ ਦੇ ਸਾਬਕਾ ਮਹਾਨ ਬੱਲੇਬਾਜ਼ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਇੰਡੀਆ ਟੂਡੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, "ਨਹੀਂ, ਮੈਂ ਇਹ ਨਹੀਂ ਕਹਾਂਗਾ ਕਿ ਵਾਰਨ ਸਭ ਤੋਂ ਮਹਾਨ ਸਪਿਨਰ ਹੈ। ਮੇਰੇ ਲਈ ਭਾਰਤੀ ਸਪਿਨਰ ਅਤੇ ਮੁਥੱਈਆ ਮੁਰਲੀਧਰਨ ਸ਼ੇਨ ਵਾਰਨ ਤੋਂ ਬਿਹਤਰ ਸਨ। ਜੇਕਰ ਤੁਸੀਂ ਭਾਰਤ ਦੇ ਖਿਲਾਫ ਸ਼ੇਨ ਵਾਰਨ ਦੇ ਰਿਕਾਰਡ ਨੂੰ ਦੇਖਦੇ ਹੋ ਤਾਂ ਉਹ ਬਹੁਤ ਆਮ ਹੈ, ਉਸਨੇ ਭਾਰਤ ਵਿੱਚ ਸਿਰਫ ਇੱਕ ਵਾਰ ਪੰਜ ਵਿਕਟ ਹਾਲ ਲਿਆ ਸੀ। ਉਸਨੂੰ ਭਾਰਤੀ ਖਿਡਾਰੀਆਂ ਦੇ ਖਿਲਾਫ ਬਹੁਤੀ ਸਫਲਤਾ ਨਹੀਂ ਮਿਲੀ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਉਸਨੂੰ ਮਹਾਨ ਕਹਾਂਗਾ।"
ਉਸ ਨੇ ਅੱਗੇ ਬੋਲਦੇ ਹੋਏ ਕਿਹਾ, "ਭਾਰਤ ਦੇ ਖਿਲਾਫ ਮੁਰਲੀਧਰਨ ਦੇ ਰਿਕਾਰਡ ਨੂੰ ਦੇਖਦੇ ਹੋਏ, ਉਹ ਬਹੁਤ ਵਧੀਆ ਸੀ, ਇਸ ਲਈ ਮੈਂ ਉਸਨੂੰ ਆਪਣੀ ਕਿਤਾਬ ਵਿੱਚ ਵਾਰਨ ਤੋਂ ਉੱਪਰ ਰੱਖਾਂਗਾ।" ਗਾਵਸਕਰ ਦਾ ਬਿਆਨ ਆਉਂਦੇ ਹੀ ਪ੍ਰਸ਼ੰਸਕਾਂ ਦਾ ਗੁੱਸਾ ਬੇਕਾਬੂ ਹੋ ਗਿਆ ਅਤੇ ਉਨ੍ਹਾਂ ਨੇ ਗਾਵਸਕਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।