IPL 2020: ਰਾਸ਼ਿਦ ਖਾਨ ਦੇ ਦਮ ਨਾਲ ਸਨਰਾਈਜ਼ਰਜ਼ ਨੂੰ ਮਿਲੀ ਪਹਿਲੀ ਜਿੱਤ, ਦਿੱਲੀ ਕੈਪੀਟਲਜ਼ ਦੀ ਹੋਈ ਪਹਿਲੀ ਹਾਰ
ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿਚ ਦਿੱਲੀ ਕੈਪਿਟਲਸ ਨੂੰ 15 ਦੌੜ੍ਹਾਂ ਨਾਲ ਹਰਾਕੇ ਆਪਣੀ ਪਹਿਲੀ ਜਿੱਤ ਹਾਸਲ ਕਰ ਲਈ. ਇਹ ਦਿੱਲੀ ਦੀ ਇਸ ਸੀਜ਼ਨ ਦੀ ਪਹਿਲੀ ਹਾਰ ਹੈ. ਮੰਗਲਵਾਰ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਹੈਦਰਾਬਾਦ ਨੇ ਜੌਨੀ ਬੇਅਰਸਟੋ (53 ਦੌੜਾਂ, 48 ਗੇਂਦਾਂ, 2 ਚੌਕੇ, 1 ਛੱਕਾ) ਡੇਵਿਡ ਵਾਰਨਰ (45 ਦੌੜਾਂ, 33 ਗੇਂਦਾਂ, 3 ਚੌਕੇ, 2 ਛੱਕੇ), ਕੇਨ ਵਿਲੀਅਮਸਨ (41 ਦੌੜਾਂ, 26 ਗੇਂਦਾਂ, 5 ਚੌਕੇ) ਦੀ ਪਾਰੀਆਂ ਬਦੌਲਤ 20 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ.
163 ਦੌੜਾਂ ਦੇ ਟੀਚੇ ਦੇ ਸਾਹਮਣੇ ਦਿੱਲੀ ਸੱਤ ਵਿਕਟਾਂ ਗੁਆ ਕੇ ਪੂਰੇ ਓਵਰਾਂ ਵਿਚ ਸਿਰਫ 147 ਦੌੜਾਂ ਹੀ ਬਣਾ ਸਕੀ.
ਭੁਵਨੇਸ਼ਵਰ ਕੁਮਾਰ ਨੇ ਪ੍ਰਿਥਵੀ ਸ਼ਾੱ (2) ਨੂੰ ਆਉਟ ਕਰਕੇ ਹੈਦਰਾਬਾਦ ਲਈ ਪਹਿਲੀ ਸਫਲਤਾ ਹਾਸਲ ਕੀਤੀ. ਸ਼ਾੱ ਪੰਜਵੀਂ ਗੇਂਦ 'ਤੇ ਆਉਟ ਹੋਏ. ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਦਿੱਲੀ ਦੇ ਬੱਲੇਬਾਜ਼ਾਂ ਤੇ ਦਬਾਅ ਬਣਾਏ ਰੱਖਿਆ. ਨਤੀਜਾ ਇਹ ਰਿਹਾ ਕਿ ਪਾਵਰਪਲੇ ਵਿਚ ਦਿੱਲੀ ਸਿਰਫ 34 ਦੌੜਾਂ ਹੀ ਬਣਾ ਸਕੀ.
ਪਾਵਰ ਪਲੇਅ ਤੋਂ ਬਾਅਦ ਆਏ ਸਪਿਨਰ ਰਾਸ਼ਿਦ ਖਾਨ ਨੇ ਅੱਠਵੇਂ ਓਵਰ ਵਿੱਚ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ (17) ਨੂੰ ਆਉਟ ਕਰਕੇ ਦੂਜਾ ਝਟਕਾ ਦਿੱਤਾ. ਸਲਾਮੀ ਬੱਲੇਬਾਜ਼ ਸ਼ਿਖਰ ਧਵਨ (34) ਨੂੰ ਵੀ ਰਾਸ਼ਿਦ ਖਾਨ ਨੇ ਆਪਣੀ ਗੁਗਲੀ 'ਚ ਫਸਾਇਆ.
ਹੁਣ ਦਿੱਲੀ ਦੇ ਤੂਫਾਨੀ ਬੱਲੇਬਾਜ਼ ਰਿਸ਼ਭ ਪੰਤ ਅਤੇ ਸ਼ਿਮਰਨ ਹੇਟਮੇਅਰ ਮੈਦਾਨ 'ਤੇ ਸੀ. ਦੋਨਾਂ ਨੇ ਕੁਝ ਸਮੇਂ ਬਾਅਦ ਵੱਡੇ ਸ਼ਾਟ ਲਗਾਣੇ ਸ਼ੁਰੂ ਕੀਤੇ, 13 ਵੇਂ ਓਵਰ ਵਿੱਚ 15 ਦੌੜਾਂ, 14 ਵੇਂ ਓਵਰ ਵਿੱਚ 10 ਦੌੜਾਂ, 15 ਵੇਂ ਓਵਰ ਵਿੱਚ 16 ਦੌੜਾਂ, ਦੋਵਾਂ ਨੇ ਮੈਚ ਨੂੰ ਦਿੱਲੀ ਦੇ ਪੱਖ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ.
ਪਰ 17 ਵੇਂ ਓਵਰ ਦੀ ਪਹਿਲੀ ਗੇਂਦ 'ਤੇ ਭੁਵਨੇਸ਼ਵਰ ਨੇ ਮਨੀਸ਼ ਪਾਂਡੇ ਦੁਆਰਾ ਹੇਟਮੇਅਰ (21 ਦੌੜਾਂ, 12 ਗੇਂਦਾਂ, 2 ਛੱਕੇ) ਨੂੰ ਕੈਚ ਕਰਵਾ ਕੇ ਦਿੱਲੀ ਦੀ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ.
ਦਿੱਲੀ ਨੂੰ 29 ਗੇਂਦਾਂ ਵਿੱਚ 59 ਦੌੜਾਂ ਦੀ ਲੋੜ ਸੀ. ਰਾਸ਼ਿਦ ਖਾਨ ਨੇ 17 ਵੇਂ ਓਵਰ ਵਿੱਚ ਪੰਤ ਨੂੰ ਪਵੇਲੀਅਨ ਭੇਜ ਕੇ ਦਿੱਲੀ ਦੀਆਂ ਉਮੀਦਾਂ ਨੂੰ ਲਗਭਗ ਖਤਮ ਕਰ ਦਿੱਤਾ. ਦਿੱਲੀ ਲਈ ਪਹਿਲੇ ਮੈਚ ਦੇ ਹੀਰੋ ਮਾਰਕਸ ਸਟੋਇਨੀਸ ਹਾਲਾਂਕਿ ਦੂਜੇ ਸਿਰੇ 'ਤੇ ਖੜ੍ਹੇ ਸੀ.
ਦਿੱਲੀ ਨੂੰ ਹੁਣ 18 ਗੇਂਦਾਂ ਵਿਚ 44 ਦੌੜਾਂ ਦੀ ਲੋੜ ਸੀ. ਟੀ. ਨਟਰਾਜਨ ਨੇ 18 ਵੇਂ ਓਵਰ ਵਿਚ ਸਟੋਇਨੀਸ ਨੂੰ ਐਲਬੀਡਬਲਯੂ ਆਉਟ ਕਰਕੇ ਦਿੱਲੀ ਦੀ ਜਿੱਤ ਦੀ ਉਮੀਦ ਖਤਮ ਕਰ ਦਿੱਤੀ.
ਇਸ ਤੋਂ ਪਹਿਲਾਂ ਦਿੱਲੀ ਨੇ ਟਾੱਸ ਜਿੱਤ ਕੇ ਹੈਦਰਾਬਾਦ ਨੂੰ ਬੱਲੇਬਾਜ਼ੀ ਲਈ ਬੁਲਾਇਆ.
ਇਸ਼ਾਂਤ ਸ਼ਰਮਾ ਸੱਟ ਤੋਂ ਪਰਤਦਿਆਂ ਆਪਣਾ ਪਹਿਲਾ ਮੈਚ ਖੇਡ ਰਹੇ ਸੀ. ਉਹਨਾਂ ਨੇ ਪਾਰੀ ਦਾ ਪਹਿਲਾ ਓਵਰ ਕੀਤਾ ਅਤੇ ਨੌ ਦੌੜ੍ਹਾਂ ਦਿੱਤੀਆਂ. ਇਸ ਤੋਂ ਬਾਅਦ, ਇਸ਼ਾਂਤ ਨੇ ਕਾਗੀਸੋ ਰਬਾਡਾ ਨਾਲ ਮਿਲਕੇ ਬੇਅਰਸਟੋ ਅਤੇ ਵਾਰਨਰ ਦੀ ਜੋੜੀ ਨੂੰ ਹੱਥ ਨਹੀਂ ਖੋਲ੍ਹਣ ਦਿੱਤੀ. ਹੈਦਰਾਬਾਦ ਛੇ ਓਵਰਾਂ ਵਿਚ ਸਿਰਫ 38 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ. ਉਹਨਾਂ ਲਈ ਇਕੋ ਚੰਗੀ ਗੱਲ ਇਹ ਸੀ ਕਿ ਉਹਨਾਂ ਨੇ ਇੱਕ ਵੀ ਵਿਕਟ ਨਹੀਂ ਗੁਆਇਆ ਸੀ ਅਤੇ ਉਸਦੇ ਦੋਵੇਂ ਮੁੱਖ ਬੱਲੇਬਾਜ਼ ਵਿਕਟ ਉੱਤੇ ਸਨ.
ਹੈਦਰਾਬਾਦ ਨੇ ਸੱਤਵੇਂ ਓਵਰ ਵਿੱਚ ਆਏ ਅਮਿਤ ਮਿਸ਼ਰਾ ਦੇ ਓਵਰ ਵਿੱਚ 14 ਦੌੜਾਂ ਲੈ ਕੇ ਸਕੋਰ 52 ਤਕ ਪਹੁੰਚਾਇਆ. ਅਮਿਤ ਮਿਸ਼ਰਾ ਨੇ ਵਾਰਨਰ ਨੂੰ ਆਉਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ. ਵਾਰਨਰ ਨੇ ਬੇਅਰਸਟੋ ਨਾਲ ਮਿਲ ਕੇ 77 ਦੌੜਾਂ ਜੋੜੀਆਂ.
ਮਨੀਸ਼ ਪਾਂਡੇ ਦੇ ਕ੍ਰੀਜ਼ ਤੇ ਆਉਂਦੇ ਹੀ ਹੈਦਰਾਬਾਦ ਦਾ ਰਨਰੇਟ ਥੋੜ੍ਹਾ ਵੱਧਿਆ. ਪਾਂਡੇ ਦੇ ਚਲੇ ਜਾਣ ਤੋਂ ਬਾਅਦ ਨਿਉਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਇਸ ਸੀਜ਼ਨ ਵਿਚ ਆਪਣਾ ਪਹਿਲਾ ਮੈਚ ਖੇਡਦਿਆਂ ਸ਼ਾਨਦਾਰ ਬੱਲੇਬਾਜ਼ੀ ਕੀਤੀ. ਉਹਨਾਂ ਨੇ ਪਾਰੀ ਨੂੰ ਅੱਗੇ ਵਧਾਉਂਦੇ ਹੋਏ ਬੇਅਰਸਟੋ ਨਾਲ ਚੰਗੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਕੁਲ 162 ਦੇ ਸਕੋਰ 'ਤੇ ਪਹੁੰਚਾਇਆ.