ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਨੂੰ ਹਰਾਇਆ, ਪੁਆਇੰਟ ਟੇਬਲ ਵਿੱਚ ਸਿਖਰਲੇ ਚਾਰ ਵਿੱਚ ਪਹੁੰਚੀ ਟੀਮ

Updated: Sun, Apr 17 2022 19:57 IST
Image Source: Google

ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਸੀਜ਼ਨ ਦੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। IPL 2022 ਦੇ 28ਵੇਂ ਮੈਚ ਵਿੱਚ, ਹੈਦਰਾਬਾਦ ਨੇ ਪੰਜਾਬ ਦੇ 152 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਅਤੇ ਸੱਤ ਗੇਂਦਾਂ ਪਹਿਲਾਂ ਹੀ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਜਿੱਤ ਹਾਸਲ ਕਰ ਲਈ। ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਹੈਦਰਾਬਾਦ ਇਸ ਜਿੱਤ ਨਾਲ ਅੱਠ ਅੰਕਾਂ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਹੈ।

152 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਦੇ ਕਪਤਾਨ ਕੇਨ ਵਿਲੀਅਮਸਨ ਸਿਰਫ 3 ਦੌੜਾਂ ਬਣਾ ਕੇ ਰਬਾਡਾ ਦਾ ਸ਼ਿਕਾਰ ਬਣ ਗਏ। ਉਸ ਦੇ ਆਊਟ ਹੋਣ ਤੋਂ ਬਾਅਦ ਰਾਹੁਲ ਤ੍ਰਿਪਾਠੀ ਨੇ ਤੇਜ਼ ਦੌੜ੍ਹਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਨਾਲ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਖ਼ਤਰਨਾਕ ਹੋਣ ਵਾਲੀ ਇਹ ਸਾਂਝੇਦਾਰੀ ਰਾਹੁਲ ਚਾਹਰ ਨੇ ਤੋੜ ਦਿੱਤੀ। ਉਸ ਨੇ ਤ੍ਰਿਪਾਠੀ ਨੂੰ 34 ਦੌੜਾਂ 'ਤੇ ਆਊਟ ਕੀਤਾ।

ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਸਕੋਰ ਨੂੰ ਅੱਗੇ ਵਧਾਇਆ। ਪਰ ਉਹ ਵੀ 31 ਦੌੜਾਂ ਦੇ ਸਕੋਰ 'ਤੇ ਰਾਹੁਲ ਚਾਹਰ ਦੀ ਸਪਿਨ ਤੇ ਕੈਚ ਹੋ ਗਿਆ। ਉਸ ਦੇ ਆਊਟ ਹੋਣ ਤੋਂ ਬਾਅਦ ਮਾਰਕਰਮ ਅਤੇ ਪੂਰਨ ਨੇ ਟੀਮ ਦਾ ਸਕੋਰ ਅੱਗੇ ਵਧਾਇਆ। ਦੋਵਾਂ ਨੇ ਚੌਥੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੀ ਸਾਂਝੇਦਾਰੀ ਦੇ ਦਮ 'ਤੇ ਹੈਦਰਾਬਾਦ ਨੇ 18.3 ਓਵਰਾਂ 'ਚ 152 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਅੰਤ 'ਚ ਮਾਰਕਰਮ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਉਸ ਨੇ 41 ਅਤੇ ਪੂਰਨ ਨੇ 35 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਅਤੇ ਤਜਰਬੇਕਾਰ ਭੁਵਨੇਸ਼ਵਰ ਕੁਮਾਰ ਦੀ ਮਾਰੂ ਗੇਂਦਬਾਜ਼ੀ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਲਿਆਮ ਲਿਵਿੰਗਸਟੋਨ ਦੇ ਅਰਧ ਸੈਂਕੜੇ ਦੇ ਬਾਵਜੂਦ ਪੰਜਾਬ ਕਿੰਗਜ਼ ਨੂੰ 20 ਓਵਰਾਂ 'ਚ 151 ਦੌੜਾਂ 'ਤੇ ਆਊਟ ਕਰ ਦਿੱਤਾ।

TAGS