ਮਹਿਲਾ ਟੀ-20 ਚੈਲੇਂਜ: ਸੁਪਰਨੋਵਾਸ ਨੇ ਟ੍ਰੇਲਬਲੇਜ਼ਰਜ਼ ਨੂੰ 49 ਦੌੜਾਂ ਨਾਲ ਹਰਾਇਆ, ਪੂਜਾ ਵਸਤਰਕਰ ਨੇ ਗੇਂਦਬਾਜ਼ੀ ਨਾਲ ਮਚਾਈ ਤਬਾਹੀ
Trailblazers vs Supernovas: ਪੂਜਾ ਵਸਤਰਕਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਸੁਪਰਨੋਵਾਸ ਨੇ ਸੋਮਵਾਰ (23 ਮਈ) ਨੂੰ ਪੁਣੇ ਦੇ ਐਮਸੀਏ ਸਟੇਡੀਅਮ 'ਚ ਖੇਡੇ ਗਏ ਮਹਿਲਾ ਟੀ-20 ਚੈਲੇਂਜ 2022 ਦੇ ਪਹਿਲੇ ਮੈਚ 'ਚ ਟ੍ਰੇਲਬਲੇਜ਼ਰਜ਼ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਸੁਪਰਨੋਵਾਸ ਦੀਆਂ 163 ਦੌੜਾਂ ਦੇ ਦਬਾਅ ਹੇਠ ਟ੍ਰੇਲਬਲੇਜ਼ਰਜ਼ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 114 ਦੌੜਾਂ ਹੀ ਬਣਾ ਸਕੀ।
ਪਲੇਅਰ ਆਫ ਦਿ ਮੈਚ ਰਹੀ ਪੂਜਾ ਨੇ ਚਾਰ ਓਵਰਾਂ 'ਚ ਸਿਰਫ 12 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਸੁਪਰਨੋਵਾਸ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪ੍ਰਿਆ ਪੂਨੀਆ (22) ਅਤੇ ਡਿਆਂਦਰਾ ਡੌਟਿਨ (32) ਨੇ ਮਿਲ ਕੇ ਪਹਿਲੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਨੇ 37 ਦੌੜਾਂ ਅਤੇ ਹਰਲਿਨ ਦਿਓਲ ਨੇ 35 ਦੌੜਾਂ ਬਣਾਈਆਂ। ਜਿਸ ਕਾਰਨ ਟੀਮ ਨੇ 20 ਓਵਰਾਂ ਵਿੱਚ 163 ਦੌੜਾਂ ਬਣਾਈਆਂ।
ਟ੍ਰੇਲਬਲੇਜ਼ਰਜ਼ ਲਈ ਹੇਲੀ ਮੈਥਿਊਜ਼ ਨੇ ਤਿੰਨ, ਸਲਮਾ ਖਾਤੂਨ ਨੇ ਦੋ ਵਿਕਟਾਂ ਜਦਕਿ ਰਾਜੇਸ਼ਵਰੀ ਗਾਇਕਵਾੜ ਅਤੇ ਪੂਨਮ ਯਾਦਵ ਨੇ ਇਕ-ਇਕ ਵਿਕਟ ਲਈ। ਟ੍ਰੇਲਬਲੇਜ਼ਰ ਨੇ ਟੀਚੇ ਦਾ ਚੰਗੀ ਤਰ੍ਹਾਂ ਪਿੱਛਾ ਕਰਨਾ ਸ਼ੁਰੂ ਕੀਤਾ। ਇਕ ਸਮੇਂ ਟੀਮ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 63 ਦੌੜਾਂ ਸੀ। ਪਰ ਕਪਤਾਨ ਸਮ੍ਰਿਤੀ ਮੰਧਾਨਾ (34) ਦੇ ਆਊਟ ਹੋਣ ਤੋਂ ਬਾਅਦ ਪਾਰੀ ਫਿੱਕੀ ਪੈ ਗਈ। ਮੰਧਾਨਾ ਤੋਂ ਇਲਾਵਾ ਜੇਮਿਮਾ ਰੌਡਰਿਗਜ਼ ਨੇ 24 ਦੌੜਾਂ ਬਣਾਈਆਂ। ਟ੍ਰੇਲਬਲੇਜ਼ਰਜ਼ ਨਾਲ ਦੇ ਖਿਡਾਰੀ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ।
ਸੁਪਰਨੋਵਾਸ ਲਈ ਪੂਜਾ ਤੋਂ ਇਲਾਵਾ ਏਲਾਨਾ ਕਿੰਗ ਨੇ ਦੋ, ਮੇਘਨਾ ਸਿੰਘ ਅਤੇ ਸੋਫੀ ਏਕਲਸਟੋਨ ਨੇ ਇਕ-ਇਕ ਵਿਕਟ ਲਈ। ਇਸ ਜਿੱਤ ਦੇ ਨਾਲ ਹੀ ਸੁਪਰਨੋਵਾਸ ਦੀ ਟੀਮ ਅੰਕ ਤਾਲਿਕਾ ਵਿਚ ਪਹਿਲੇ ਨੰਬਰ ਤੇ ਕਾਬਿਜ਼ ਹੋ ਗਈ ਹੈ ਅਤੇ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟ੍ਰੇਲਬਲੇਜ਼ਰ ਦੀ ਟੀਮ ਕਿਸ ਤਰ੍ਹਾਂ ਵਾਪਸੀ ਕਰੇਗੀ।