ਟੀ-20 ਵਿਸ਼ਵ ਕੱਪ 2022: ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਭਾਰਤ ਨੂੰ ਸੈਮੀਫਾਈਨਲ 'ਚ ਪਹੁੰਚਾਇਆ
ਬ੍ਰੈਂਡਨ ਗਲੋਵਰ, ਕੋਲਿਨ ਐਕਰਮੈਨ ਅਤੇ ਬਾਸ ਡੀ ਲੀਡੇ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨੀਦਰਲੈਂਡ ਨੇ ਐਤਵਾਰ (6 ਨਵੰਬਰ) ਨੂੰ ਐਡੀਲੇਡ ਓਵਲ 'ਚ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਮੈਚ 'ਚ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪਹਿਲਾਂ ਹੀ ਬਾਹਰ ਹੋ ਚੁੱਕੀ ਨੀਦਰਲੈਂਡ ਦੀ ਟੀਮ ਨੇ ਮਜ਼ਬੂਤ ਦੱਖਣੀ ਅਫਰੀਕਾ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 6 ਅੰਕਾਂ ਨਾਲ ਸੈਮੀਫਾਈਨਲ 'ਚ ਕੁਆਲੀਫਾਈ ਕਰ ਲਿਆ ਹੈ। ਹੁਣ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਮੈਚ ਵਿੱਚ ਜਿੱਤਣ ਵਾਲੀ ਟੀਮ ਗਰੁੱਪ-2 ਵਿੱਚੋਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਵੇਗੀ।
ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੂੰ ਪਹਿਲਾ ਝਟਕਾ 21 ਦੌੜਾਂ ਦੇ ਕੁੱਲ ਸਕੋਰ 'ਤੇ ਲੱਗਾ। ਇਸ ਤੋਂ ਬਾਅਦ ਥੋੜ੍ਹੇ-ਥੋੜ੍ਹੇ ਸਮੇਂ 'ਤੇ ਵਿਕਟਾਂ ਡਿੱਗਦੀਆਂ ਰਹੀਆਂ। ਜਿਸ ਕਾਰਨ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਲਈ ਰਿਲੇ ਰੂਸੋ ਨੇ ਸਭ ਤੋਂ ਵੱਧ 25 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਹੇਨਰਿਕ ਕਲਾਸੇ ਨੇ 21 ਦੌੜਾਂ ਅਤੇ ਟੇਂਬਾ ਬਾਵੁਮਾ ਨੇ 20 ਦੌੜਾਂ ਬਣਾਈਆਂ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡ ਨੇ 4 ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਬਣਾਈਆਂ। ਸਟੀਫਨ ਮਾਈਬਰਗ ਅਤੇ ਮੈਕਸ ਓ'ਡਾਊਡ ਨੇ ਪਹਿਲੀ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਡੱਚ ਬੱਲੇਬਾਜ਼ਾਂ ਵਿਚਾਲੇ ਛੋਟੀਆਂ ਸਾਂਝੇਦਾਰੀਆਂ ਹੋਈਆਂ।
ਨੀਦਰਲੈਂਡ ਲਈ ਕੋਲਿਨ ਐਕਰਮੈਨ ਨੇ 41 ਦੌੜਾਂ ਬਣਾਈਆਂ। 26 ਗੇਂਦਾਂ ਦਾ ਸਾਹਮਣਾ ਕਰਦਿਆਂ ਤਿੰਨ ਚੌਕੇ ਤੇ ਦੋ ਛੱਕੇ ਲਾ ਕੇ ਨਾਬਾਦ ਪੈਵੇਲੀਅਨ ਪਰਤ ਗਏ। ਇਸ ਤੋਂ ਇਲਾਵਾ ਸਟੀਫਨ ਮਾਈਬਰਗ ਨੇ 30 ਗੇਂਦਾਂ 'ਚ 37 ਦੌੜਾਂ, ਟਾਮ ਕੂਪਰ ਨੇ 19 ਗੇਂਦਾਂ 'ਚ 35 ਦੌੜਾਂ ਅਤੇ ਓਡਾਊਡ ਨੇ 31 ਗੇਂਦਾਂ 'ਚ 29 ਦੌੜਾਂ ਬਣਾਈਆਂ।