U-19 ਵਿਸ਼ਵ ਕੱਪ 2022: ਆਸਟ੍ਰੇਲੀਆ ਨੂੰ 96 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚੀ ਟੀਮ ਇੰਡੀਆ
ਭਾਰਤੀ ਕ੍ਰਿਕਟ ਟੀਮ ਨੇ ਬੁੱਧਵਾਰ (2 ਫਰਵਰੀ) ਨੂੰ ਐਂਟੀਗੁਆ ਵਿੱਚ ਖੇਡੇ ਗਏ ਆਈਸੀਸੀ ਅੰਡਰ-19 ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ ਨੂੰ 96 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਲਗਾਤਾਰ ਚਾਰ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। 5 ਫਰਵਰੀ ਨੂੰ ਫਾਈਨਲ 'ਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਕੋਲ ਸਭ ਤੋਂ ਜ਼ਿਆਦਾ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ 2000, 2006, 2008, 2012, 2016, 2018 ਅਤੇ 2020 ਵਿੱਚ ਫਾਈਨਲ ਵਿੱਚ ਪਹੁੰਚੀ ਸੀ। ਭਾਰਤ ਨੇ ਸਭ ਤੋਂ ਵੱਧ 4 ਵਾਰ (2000, 2008, 2012 ਅਤੇ 2018) ਖਿਤਾਬ 'ਤੇ ਕਬਜ਼ਾ ਕੀਤਾ ਹੈ।
ਯਸ਼ ਧੂਲ ਅਤੇ ਸ਼ੇਖ ਰਾਸ਼ਿਦ ਦੀ ਵੱਡੀ ਸਾਂਝੇਦਾਰੀ
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਅੰਗਕ੍ਰਿਸ਼ ਰਘੂਵੰਸ਼ੀ ਅਤੇ ਹਰਨੂਰ ਸਿੰਘ ਦੀ ਸਲਾਮੀ ਜੋੜੀ 37 ਦੌੜਾਂ ਦੇ ਕੁੱਲ ਸਕੋਰ 'ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਈ। ਇਸ ਤੋਂ ਬਾਅਦ ਧੂਲ ਅਤੇ ਰਾਸ਼ਿਦ ਨੇ ਪਾਰੀ ਨੂੰ ਸੰਭਾਲਿਆ ਅਤੇ ਤੀਜੇ ਵਿਕਟ ਲਈ 204 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
ਕਪਤਾਨ ਧੂਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 110 ਗੇਂਦਾਂ 'ਚ 10 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 110 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਾਸ਼ਿਦ ਨੇ 108 ਗੇਂਦਾਂ 'ਚ 8 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 94 ਦੌੜਾਂ ਬਣਾਈਆਂ। ਆਖਰੀ ਓਵਰਾਂ 'ਚ ਦਿਨੇਸ਼ ਬਾਨਾ ਦੀਆਂ 4 ਗੇਂਦਾਂ 'ਚ 20 ਦੌੜਾਂ ਦੀ ਮਦਦ ਨਾਲ ਭਾਰਤ ਨੇ ਨਿਰਧਾਰਤ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 290 ਦੌੜਾਂ ਬਣਾਈਆਂ।