IPL 2020 : ਕੀ ਹੁਣ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਿਚ ਕ੍ਰਿਸ ਗੇਲ ਨੂੰ ਸ਼ਾਮਲ ਕਰਨ ਦਾ ਸਮਾਂ ਆ ਗਿਆ ਹੈ ?

Updated: Tue, Oct 06 2020 12:47 IST
Cricketnmore

ਕਿੰਗਜ਼ ਇਲੈਵਨ ਪੰਜਾਬ ਨੂੰ ਆਈਪੀਐਲ ਦੇ ਇਸ ਸੀਜਨ ਵਿਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾਾ ਹੈ. ਭਾਵੇਂ, ਟੀਮ ਦੀ ਗੇਂਦਬਾਜੀ ਦੀ ਗੱਲ ਕਰੀਏ ਜਾਂ ਬੱਲੇਬਾਜੀ ਦੀ ਟੀਮ ਦੇ ਪ੍ਰਦਰਸ਼ਨ ਨੇ ਨਿਰਾਸ਼ ਕੀਤਾ ਹੈ. ਪੰਜਾਬ ਲਈ ਕਪਤਾਨ ਕੇ ਐਲ ਰਾਹੁਲ ਅਤੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨੂੰ ਛੱਡ ਕੇ ਕੋਈ ਵੀ ਬੱਲੇਬਾਜ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਨਹੀਂ ਕਰ ਸਕਿਆ ਹੈ. ਹੁਣ ਟੀਮ ਦਾ ਅਗਲਾ ਮੁਕਾਬਲਾ ਸਨਰਾਈਜਰਸ ਹੈਦਰਾਬਾਦ ਨਾਲ ਹੋਣ ਜਾ ਰਿਹਾ ਹੈ ਅਤੇ ਹੁਣ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਇਸ ਮੈਚ ਨੂੰ ਜਿੱਤ ਕੇ ਟੂਰਨਾਮੇਂਟ ਵਿਚ ਵਾਪਸੀ ਕੀਤੀ ਜਾਏ.

ਇਸ ਲਗਾਤਾਰ ਹਾਰ ਦੇ ਕਾਰਨ ਟੀਮ ਦਾ ਮਨੋਬਲ ਵੀ ਕਮਜੋਰ ਹੋਇਆ ਹੈ ਅਤੇ ਹੁਣ ਮੌਕਾ ਹੈ ਕਿ ਟੀਮ ਕੁਝ ਬਦਲਾਅ ਕਰੇ ਤੇ ਟੀਮ ਵਿਚ ਉਸ ਖਿਡਾਰੀ ਨੂੰ ਸ਼ਾਮਲ ਕੀਤਾ ਜਾਵੇ ਜਿਸਨੂੰ ਦੇਖਣ ਲਈ ਕ੍ਰਿਕਟ ਫੈਂਸ ਪਹਿਲੇ ਮੈਚ ਤੋਂ ਇੰਤਜਾਰ ਕਰ ਰਹੇ ਹਨ. ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਵੈਸਟਇੰਡੀਜ ਦੇ ਵਿਸਫੋਟਕ ਸਲਾਮੀ ਬੱਲੇਬਾਜ ਕ੍ਰਿਸ ਗੇਲ ਦੀ, ਜੋ ਕਿ ਇਸ ਸੀਜਨ ਦੇ ਪਹਿਲੇ ਮੈਚ ਤੋਂ ਹੀ ਬਾਹਰ ਬੈਠੇ ਹੋਏ ਹਨ. ਹੁਣ ਨਾ ਸਿਰਫ ਕ੍ਰਿਕਟ ਫੈਂਸ ਬਲਕਿ ਪੰਜਾਬ ਦੀ ਟੀਮ ਮੈਨੇਜਮੈਂਟ ਵੀ ਹੈਦਰਾਬਾਦ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਵਿਚ ਵਿਸਫੋਟਕ ਬੱਲੇਬਾਜ ਕ੍ਰਿਸ ਗੇਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰਨ ਬਾਰੇ ਸੋਚ ਰਹੀ ਹੋਵੇਗੀ.

ਗੇਲ ਨੂੰ ਇਸ ਮੈਚ ਵਿਚ ਲਗਾਤਾਰ ਫਲਾੱਪ ਹੋ ਰਹੇ ਗਲੈਨ ਮੈਕਸਵੇਲ ਦੀ ਜਗ੍ਹਾ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ. ਇਸ ਸੀਜਨ ਦੀ ਸ਼ੁਰੂਆਤ ਤੋਂ ਹੀ ਪੰਜਾਬ ਲਈ ਮਯੰਕ ਅਗਰਵਾਲ ਅਤੇ ਕਪਤਾਨ ਕੇ ਐਲ ਰਾਹੁਲ ਓਪਨਿੰਗ ਕਰ ਰਹੇ ਹਨ ਅਤੇ ਦੋਵਾਂ ਨੇ ਹੁਣ ਤੱਕ ਪੂਰੀ ਜਿੰਮੇਵਾਰੀ ਨਾਲ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ.

ਇਸ ਸੀਜਨ ਵਿਚ ਇਹ ਦੋਵੇਂ ਖਿਡਾਰੀ ਪੰਜਾਬ ਦੀ ਬੱਲੇਬਾਜੀ ਦੀ ਤਾਕਤ ਬਣ ਕੇ ਉਭਰੇ ਹਨ. ਸ਼ਾਇਦ ਇਹਨਾਂ ਦੋਵਾਂ ਦੀ ਕਾਮਯਾਬੀ ਵੀ ਗੇਲ ਦੇ ਪਲੇਇੰਗ ਇਲੈਵਨ ਤੋਂ ਬਾਹਰ ਰਹਿਣ ਦਾ ਇਕ ਕਾਰਨ ਹੈ, ਪਰ ਹੁਣ ਜਦੋਂ ਟੀਮ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟੀਮ ਦੀ ਬੱਲੇਬਾਜੀ ਵੀ ਅਸਫਲ ਹੋ ਰਹੀ ਹੈ ਤਾਂ ਟੀਮ ਨੂੰ ਗੇਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰਨਾ ਇਕ ਮਜਬੂਰੀ ਵੀ ਬਣ ਗਿਆ ਹੈ.

ਆਪਣੇ ਪਿਛਲੇ ਇੰਟਰਵਿਉ ਵਿਚ ਕਪਤਾਨ ਕੇ ਐਲ ਰਾਹੁਲ ਨੇ ਇਹ ਵੀ ਕਿਹਾ ਸੀ ਕਿ ਗੇਲ ਇਸ ਸੀਜਨ ਵਿਚ ਕਿਸੇ ਵੀ ਮੋੜ ਤੇ ਖੇਡਦੇ ਹੋਏ ਦਿਖ ਸਕਦੇ ਹਨ, ਹੁਣ ਜਦੋਂ ਪੰਜਾਬ ਦੀ ਟੀਮ ਨੂੰ ਜਿੱਤ ਦੇ ਟੌਨਿਕ ਦੀ ਸਖਤ ਜਰੂਰਤ ਹੈ, ਤਾਂ ਗੇਲ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਰੱਖਣਾ ਸ਼ਾਇਦ ਗਲਤ ਹੋਵੇਗਾ. ਇਸ ਲਈ ਹੈਦਰਾਬਾਦ ਦੇ ਖਿਲਾਫ ਸਾਨੂੰ ਕ੍ਰਿਸ ਗੇਲ ਮੈਦਾਨ ਤੇ ਫੈਂਸ ਦਾ ਮਨੋਰੰਜਨ ਕਰਦੇ ਹੋਏ ਦਿਖ ਸਕਦੇ ਹਨ.

ਜੇਕਰ ਗੇਲ ਪਲੇਇੰਗ ਇਲੈਵਨ ਵਿਚ ਸ਼ਾਮਲ ਹੁੰਦੇ ਹਨ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਹੁਲ ਅਤੇ ਮਯੰਕ ਵਿਚੋਂ ਕੌਣ ਨੰਬਰ 3 ਤੇ ਆਉਂਦਾ ਹੈ. ਗੇਲ ਦੇ ਆਉਣ ਨਾਲ ਟੀਮ ਦੀ ਬੱਲੇਬਾਜੀ ਮਜਬੂਤ ਹੋਵੇਗੀ ਤੇ ਕਪਤਾਨ ਕੇ ਐਲ ਰਾਹੁਲ ਨੂੰ ਵੀ ਆਪਣੀ ਨੈਚੁਰਲ ਗੇਮ ਖੇਡਣ ਦੀ ਆਜਾਦੀ ਮਿਲੇਗੀ. ਹੁਣ ਜੇ ਇਸ ਮੈਚ ਵਿਚ ਗੇਲ ਦੀ ਵਾਪਸੀ ਹੁੰਦੀ ਹੈ ਤਾਂ ਉਹਨਾਂ ਤੇ ਵੀ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਯੁਨਿਵਰਸ ਬੌਸ ਇਸ ਦਬਾਅ ਤੋਂ ਕਿਵੇਂ ਪਾਰ ਪਾਂਦੇ ਹਨ. 

TAGS