ENG V AUS, ਦੂਜਾ ਵਨਡੇ: ਆਰਚਰ, ਵੋਕਸ ਅਤੇ ਕਰ੍ਰਨ ਨੇ ਆਸਟਰੇਲੀਆ ਦੇ ਹੱਥੋਂ ਖੋਹ ਲਈ ਜਿੱਤ, ਇੰਗਲੈਂਡ ਨੇ ਸੀਰੀਜ਼ ਕੀਤੀ 1-1 ਨਾਲ ਬਰਾਬਰ

Updated: Mon, Sep 14 2020 11:00 IST
ENG V AUS, ਦੂਜਾ ਵਨਡੇ: ਆਰਚਰ, ਵੋਕਸ ਅਤੇ ਕਰ੍ਰਨ ਨੇ ਆਸਟਰੇਲੀਆ ਦੇ ਹੱਥੋਂ ਖੋਹ ਲਈ ਜਿੱਤ, ਇੰਗਲੈਂਡ ਨੇ ਸੀਰੀਜ਼ ਕੀਤੀ (Twitter)

ਇੰਗਲੈਂਡ ਨੇ ਜੋਫਰਾ ਆਰਚਰ, ਕ੍ਰਿਸ ਵੋਕਸ ਅਤੇ ਸੈਮ ਕਰ੍ਰਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਮੈਨਚੇਸਟਰ ਵਿਖੇ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਆਸਟਰੇਲੀਆ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇੰਗਲੈਂਡ ਨੇ ਲੜੀ ਵਿਚ 1-1 ਦੀ ਬਰਾਬਰੀ ਕਰ ਲਈ ਹੈ। ਇੰਗਲੈਂਡ ਦੀਆਂ 231 ਦੌੜਾਂ ਦੇ ਜਵਾਬ ਵਿਚ ਆਸਟਰੇਲੀਆ 48.4 ਓਵਰਾਂ ਵਿਚ 207 ਦੌੜਾਂ 'ਤੇ ਆਲ ਆਉਟ ਹੋ ਗਿਆ। ਇਕ ਸਮੇਂ ਆਸਟਰੇਲੀਆ ਦਾ ਸਕੋਰ 30.4 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਸੀ। ਪਰ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਲਾਜਵਾਬ ਵਾਪਸੀ ਕਰਦੇ ਹੋਏ, ਪੂਰੀ ਤਰ੍ਹਾਂ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਕੰਗਾਰੂ ਟੀਮ ਨੂੰ ਅਗਲੀ 63 ਦੌੜਾਂ 'ਤੇ ਸਮੇਟ ਕੇ ਹਾਰ ਦੇ ਜਬੜ੍ਹੇ ਤੋਂ ਜਿੱਤ ਖੋਹ ਲਈ।

ਆਰਚਰ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ।

ਆਸਟਰੇਲੀਆ ਨੇ ਟੀਚੇ ਦਾ ਪਿੱਛਾ ਕਰਦਿਆਂ ਸ਼ੁਰੂਆਤ ਕੀਤੀ ਅਤੇ ਡੇਵਿਡ ਵਾਰਨਰ (6) ਅਤੇ ਮਾਰਕਸ ਸਟੋਨੀਸ (9) ਕੁੱਲ 37 ਦੌੜਾਂ 'ਤੇ ਪਵੇਲੀਅਨ ਪਰਤ ਗਏ। ਉਸ ਤੋਂ ਬਾਅਦ ਕਪਤਾਨ ਐਰੋਨ ਫਿੰਚ ਨੇ ਮਾਰਨਸ ਲਾਬੂਸ਼ਨੇ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਤੀਜੇ ਵਿਕਟ ਲਈ 107 ਦੌੜਾਂ ਜੋੜੀਆਂ। ਫਿੰਚ ਨੇ 105 ਗੇਂਦਾਂ ਵਿੱਚ 8 ਚੌਕਿਆਂ ਅਤੇ 1 ਛੱਕਿਆਂ ਦੀ ਮਦਦ ਨਾਲ 73 ਦੌੜਾਂ ਬਣਾਈਆਂ, ਜਦੋਂ ਕਿ ਲਬੂਸ਼ੇਨੇ ਨੇ 59 ਗੇਂਦਾਂ ਵਿੱਚ 3 ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ।

ਫਿੰਚ ਅਤੇ ਲਾਬੂਸ਼ਨੇ ਦੇ ਆਉਟ ਹੋਣ ਤੋਂ ਬਾਅਦ ਆਸਟਰੇਲੀਆਈ ਪਾਰੀ ਡਗਮਗਾ ਗਈ। ਐਲੈਕਸ ਕੈਰੀ ਨੇ 41 ਗੇਂਦਾਂ ਵਿਚ 36 ਦੌੜਾਂ ਬਣਾਈਆਂ ਪਰ ਉਹਨਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ।

ਇੰਗਲੈਂਡ ਲਈ ਕ੍ਰਿਸ ਵੋਕਸ, ਜੋਫਰਾ ਆਰਚਰ ਅਤੇ ਸੈਮ ਕਰ੍ਰਨ ਨੇ 3-3 ਵਿਕਟ ਲਏ, ਜਦੋਂਕਿ ਆਦਿਲ ਰਾਸ਼ਿਦ ਨੇ 1 ਵਿਕਟ ਲਿਆ।

ਇਸ ਤੋਂ ਪਹਿਲਾਂ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਇੰਗਲੈਂਡ ਦੀ ਟੀਮ ਆਦਿਲ ਰਾਸ਼ਿਦ (ਨਾਬਾਦ 35) ਅਤੇ ਟੌਮ ਕੁਰੈਨ (37) ਦੇ ਵਿਚਕਾਰ ਨੌਵੇਂ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਦੇ ਅਧਾਰ ਤੇ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 231 ਦੌੜਾਂ ’ਤੇ ਪਹੁੰਚ ਗਈ। ਇਕ ਸਮੇਂ ਇੰਗਲੈਂਡ ਨੇ ਆਪਣੀ ਅੱਠ ਵਿਕਟਾਂ ਸਿਰਫ 149 ਦੌੜਾਂ ਦੇ ਨੁਕਸਾਨ ‘ਤੇ ਗੁਆ ਦਿੱਤੀਆਂ ਸੀ। ਆਸਟਰੇਲੀਆਈ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਅਜਿਹਾ ਲੱਗ ਰਿਹਾ ਸੀ ਕਿ ਇੰਗਲੈਂਡ ਜਲਦੀ ਹੀ ਆੱਲ ਆਉਟ ਹੋ ਜਾਏਗਾ ਪਰ ਰਾਸ਼ਿਦ ਅਤੇ ਕਰ੍ਰਨ ਦੀ ਜੋੜੀ ਨੇ ਟੀਮ ਨੂੰ ਘੱਟ ਸਕੋਰ ਤੋਂ ਬਚਾ ਲਿਆ। ਰਸ਼ੀਦ ਨੇ 26 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ ਮਾਰਿਆ। ਕਰ੍ਰਨ ਨੇ 39 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਪੰਜ ਚੌਕੇ ਲਗਾਏ। ਜੋਫਰਾ ਆਰਚਰ ਛੇ ਦੌੜਾਂ ਬਣਾ ਕੇ ਅਜੇਤੂ ਰਹੇ।

ਜੋ ਰੂਟ ਨੇ 73 ਗੇਂਦਾਂ 'ਤੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕਪਤਾਨ ਈਓਨ ਮੋਰਗਨ ਨੇ 52 ਗੇਂਦਾਂ 'ਤੇ 42 ਦੌੜਾਂ ਬਣਾਈਆਂ ਅਤੇ ਉਹ ਟੀਮ ਦੇ ਲਈ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਖਿਡਾਰੀ ਰਹੇ। ਉਹਨਾਂ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਲਗਾਏ। ਕ੍ਰਿਸ ਵੋਕਸ ਨੇ ਵੀ 26 ਦੌੜਾਂ ਦਾ ਯੋਗਦਾਨ ਪਾਇਆ ਪਰ ਕੋਈ ਵੀ ਖਿਡਾਰੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕਿਆ।

ਆਸਟਰੇਲੀਆ ਲਈ ਲੈੱਗ ਸਪਿਨਰ ਐਡਮ ਜੈਂਪਾ ਨੇ ਤਿੰਨ ਵਿਕਟਾਂ ਲਈਆਂ। ਮਿਸ਼ੇਲ ਮਾਰਸ਼ ਨੇ ਦੋ ਅਤੇ ਜੋਸ਼ ਹੇਜ਼ਲਵੁੱਡ, ਪੈਟ ਕਮਿੰਸ, ਮਿਸ਼ੇਲ ਮਾਰਸ਼ ਨੇ ਇਕ-ਇਕ ਵਿਕਟ ਲਿਆ।

TAGS