ਰੋਹਿਤ-ਅਕਸ਼ਰ ਦੇ ਦਮ 'ਤੇ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਟੀ-20 'ਚ 73 ਦੌੜਾਂ ਨਾਲ ਹਰਾਇਆ
ਅਕਸ਼ਰ ਪਟੇਲ (9/3) ਅਤੇ ਕਪਤਾਨ ਰੋਹਿਤ ਸ਼ਰਮਾ (56) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਐਤਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡੇ ਗਏ ਟੀ-20 ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ 'ਚ ਨਿਊਜ਼ੀਲੈਂਡ ਨੂੰ 73 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਕੀਵੀਆਂ ਦੇ ਖਿਲਾਫ ਕਲੀਨ ਸਵੀਪ ਕਰ ਲਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ। ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 17.2 ਓਵਰਾਂ 'ਚ 111 ਦੌੜਾਂ 'ਤੇ ਢੇਰ ਹੋ ਗਈ। ਕੀਵੀ ਟੀਮ ਵੱਲੋਂ ਮਾਰਟਿਨ ਗੁਪਟਿਲ (51) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਭਾਰਤ ਲਈ ਅਕਸ਼ਰ ਪਟੇਲ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਹਰਸ਼ਲ ਪਟੇਲ ਨੇ ਦੋ ਵਿਕਟਾਂ ਲਈਆਂ, ਜਦਕਿ ਯੁਜਵੇਂਦਰ ਚਾਹਲ, ਵੈਂਕਟੇਸ਼ ਅਈਅਰ ਅਤੇ ਦੀਪਕ ਚਾਹਰ ਨੂੰ ਇਕ-ਇਕ ਵਿਕਟ ਮਿਲੀ।
ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਕਿਉਂਕਿ ਉਸ ਨੇ ਪਾਵਰਪਲੇ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 37 ਦੌੜਾਂ ਜੋੜੀਆਂ ਸਨ। ਇਸ ਦੌਰਾਨ ਅਕਸਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਡੇਰਿਲ ਮਿਸ਼ੇਲ (5), ਮਾਰਕ ਚੈਪਮੈਨ (0) ਅਤੇ ਗਲੇਨ ਫਿਲਿਪਸ (0) ਨੂੰ ਜਲਦੀ ਹੀ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਪੰਜਵੇਂ ਨੰਬਰ 'ਤੇ ਆਏ ਟਿਮ ਸੀਫਰਟ ਨੇ ਗੁਪਟਿਲ ਨਾਲ ਸਾਵਧਾਨੀ ਨਾਲ ਖੇਡਿਆ।
ਇਸ ਦੌਰਾਨ ਗੁਪਟਿਲ ਨੇ ਤੇਜ਼ ਦੌੜਾਂ ਬਣਾ ਕੇ ਭਾਰਤੀ ਗੇਂਦਬਾਜ਼ਾਂ 'ਤੇ ਨਿਸ਼ਾਨਾ ਸਾਧਿਆ ਅਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਪਰ ਉਹਨਾਂ ਦੇ ਆਉਟ ਹੁੰਦਿਆਂ ਹੀ ਕੀਵੀ ਟੀਮ ਦੀ ਜਿੱਤ ਦੀ ਉਮੀਦਾਂ ਵੀ ਟੁੱਟ ਗਈਆਂ ਅਤੇ ਪੂਰੀ ਟੀਮ ਸਿਰਫ 111 ਦੇ ਸਕੋਰ ਤੇ ਢੇਰ ਹੋ ਗਈ।