ਲੋਕ ਕਹਿੰਦੇ ਸੀ ਟੈਸਟ ਕ੍ਰਿਕਟ ਨਹੀਂ ਖੇਡ ਸਕੇਗਾ ਰੋਹਿਤ, ਹੁਣ ਰੈਂਕਿੰਗ ਵਿਚ ਦਿਖਾਇਆ ਹਿਟਮੈਨ ਨੇ ਆਪਣਾ ਜਲਵਾ
ਵਨ ਡੇ ਕ੍ਰਿਕਟ ਵਿਚ ਵੱਖਰੀ ਪਛਾਣ ਬਣਾ ਚੁੱਕੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਸਿਤਾਰੇ ਹੁਣ ਟੈਸਟ ਕ੍ਰਿਕਟ ਵਿਚ ਵੀ ਚਮਕਦੇ ਦਿਖਾਈ ਦੇ ਰਹੇ ਹਨ। ਇੱਕ ਸਮਾਂ ਸੀ ਜਦੋਂ ਪ੍ਰਸ਼ੰਸਕ ਰੋਹਿਤ ਨੂੰ ਸਿਰਫ ਇੱਕ ਸੀਮਤ ਓਵਰਾਂ ਦੇ ਖਿਡਾਰੀ ਕਹਿੰਦੇ ਸਨ। ਕਈ ਪ੍ਰਸ਼ੰਸਕਾਂ ਨੇ ਇਹ ਵੀ ਕਿਹਾ ਸੀ ਕਿ ਰੋਹਿਤ ਦਾ ਟੈਸਟ ਕਰੀਅਰ ਖ਼ਤਮ ਹੋ ਗਿਆ ਹੈ, ਪਰ ਹੁਣ ਉਹੀ ਪ੍ਰਸ਼ੰਸਕ ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਵਿੱਚ ਹੋਏ ਵਾਧੇ ਤੋਂ ਹੈਰਾਨ ਹਨ।
ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਟੀਮ ਇੰਡੀਆ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਵਿੱਚ ਆਪਣੀ ਸਰਵਸ਼੍ਰੇਸ਼ਠ ਰੈਂਕਿੰਗ ਹਾਸਲ ਕਰਕੇ ਆਪਣੇ ਆਲੋਚਕਾਂ ਨੂੰ ਢੁਕਵਾਂ ਜਵਾਬ ਦਿੱਤਾ ਹੈ। ਹਿਟਮੈਨ ਨੇ ਡਬਲਯੂਟੀਸੀ ਦੇ ਫਾਈਨਲ ਦੀਆਂ ਦੋਵਾਂ ਪਾਰੀਆਂ ਵਿਚ ਕੁੱਲ 64 ਦੌੜਾਂ (34, 30) ਬਣਾਈਆਂ ਅਤੇ ਇਸ ਪ੍ਰਦਰਸ਼ਨ ਨਾਲ ਉਸ ਨੂੰ ਕਰੀਅਰ ਦਾ ਸਰਬੋਤਮ ਛੇਵਾਂ ਸਥਾਨ ਮਿਲਿਆ ਹੈ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਰੋਹਿਤ ਪਹਿਲਾਂ ਰਿਸ਼ਭ ਪੰਤ ਨਾਲ ਸੰਯੁਕਤ ਸੱਤਵੇਂ ਨੰਬਰ ਤੇ ਸੀ ਪਰ ਹੁਣ ਉਹ 759 ਅੰਕਾਂ ਨਾਲ ਛੇਵੇਂ ਨੰਬਰ 'ਤੇ ਪਹੁੰਚ ਗਿਆ ਹੈ। ਹਿਟਮੈਨ ਨੇ ਜਦੋਂ ਤੋਂ ਓਪਨਿੰਗ ਕਰਨੀ ਸ਼ੁਰੂ ਕੀਤੀ ਹੈ ਉਹਨਾਂ ਨੇ ਪਿੱਛੇ ਮੁੜ੍ਹ ਕੇ ਨਹੀਂ ਵੇਖਿਆ ਹੈ।
ਹਿੱਟਮੈਨ ਦਾ ਫੌਰਮ ਟੀਮ ਇੰਡੀਆ ਲਈ ਚੰਗੀ ਖ਼ਬਰ ਹੈ ਅਤੇ ਹੁਣ ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਇਕ ਵਾਰ ਫਿਰ ਰੋਹਿਤ ਸ਼ਰਮਾ ਦੇ ਬੱਲੇ ਤੋਂ ਦੌੜਾਂ ਦੀ ਬਾਰਸ਼ ਦੇਖਣ ਨੂੰ ਮਿਲੇਗੀ। ਹਾਲਾਂਕਿ, ਇਹ ਵੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਰੋਹਿਤ ਕਿਵੇਂ ਇੰਗਲਿਸ਼ ਹਾਲਾਤਾਂ ਵਿੱਚ ਬਤੌਰ ਸਲਾਮੀ ਬੱਲੇਬਾਜ਼ ਪ੍ਰਦਰਸ਼ਨ ਕਰੇਗਾ।