IPL 2020 : ਇਰਫਾਨ ਪਠਾਨ ਨੇ ਦਿੱਤੀ ਸਲਾਹ, ਪੰਜਾਬ ਦੀ ਟੀਮ ਇਹਨਾਂ ਤਿੰਨ ਖਿਡਾਰੀਆਂ ਨੂੰ ਦੇਵੇ ਮੌਕਾ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਸੀਜਨ 13 ਕਿੰਗਜ਼ ਇਲੈਵਨ ਪੰਜਾਬ ਲਈ ਬੇਹੱਦ ਹੀ ਮੁਸ਼ਕਲ ਰਿਹਾ ਹੈ. ਕੇ ਐਲ ਰਾਹੁਲ ਦੀ ਕਪਤਾਨੀ ਵਾਲੀ ਕਿੰਗਜ ਇਲੈਵਨ ਪੰਜ ਮੈਚਾਂ ਵਿਚ ਹੁਣ ਤਕ ਚਾਰ ਮੈਚ ਹਾਰ ਚੁੱਕੇ ਹਨ ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਖਿਲਾਫ ਮਿਲੀ ਹਾਰ ਨੇ ਤਾਂ ਟੀਮ ਦੇ ਮਨੋਬਲ ਨੂੰ ਹੋਰ ਗਿਰਾ ਦਿੱਤਾ ਹੈ. ਤਿੰਨ ਵਾਰ ਦੇ ਚੈਂਪੀਅਨਜ਼ ਨੇ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ ਸੀ. ਸ਼ੇਨ ਵਾਟਸਨ ਅਤੇ ਫਾਫ ਡੂ ਪਲੇਸਿਸ ਦੀ ਨਾਬਾਦ 181 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕਾਰਨ ਪੰਜਾਬ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ.
ਪੰਜਾਬ ਦੀ ਟੀਮ ਪਿਛਲੇ 5 ਮੈਚਾਂ ਵਿਚ ਆਪਣੀ ਬੈਸਟ ਪਲੇਇੰਗ ਇਲੈਵਨ ਦੀ ਖੋਜ ਵਿਚ ਸੰਘਰਸ਼ ਕਰ ਰਹੀ ਹੈ ਅਤੇ ਕੇਐਲ ਰਾਹੁਲ, ਇਸ ਸਮੇਂ ਸਭ ਤੋਂ ਜਿਆਦਾ ਦਬਾਅ ਮਹਿਸੂਸ ਕਰ ਰਹੇ ਹਨ. ਪੰਜਾਬ ਦੀ ਪਲੇਇੰਗ ਇਲੈਵਨ ਨੂੰ ਲੈ ਕੇ ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਟੀਮ ਦੇ ਅਗਲੇ ਮੈਚ ਤੋਂ ਪਹਿਲਾਂ ਕੁਝ ਸੁਝਾਅ ਦਿੱਤੇ ਹਨ.
ਇਰਫਾਨ ਦਾ ਮੰਨਣਾ ਹੈ ਕਿ ਪੰਜਾਬ ਨੂੰ ਅਰਸ਼ਦੀਪ ਸਿੰਘ, ਮੁਜੀਬ ਉਰ ਰਹਿਮਾਨ ਅਤੇ ਦੀਪਕ ਹੁੱਡਾ ਨੂੰ ਆਪਣੀ ਲਾਈਨ-ਅਪ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਟੀਮ ਦਾ ਸੰਤੁਲਨ ਹੋਰ ਵਧੀਆ ਹੋ ਸਕੇ. ਅਰਸ਼ਦੀਪ ਨੇ ਪਿਛਲੇ ਸਾਲ ਵੀ ਇਸੇ ਟੀਮ ਲਈ ਤਿੰਨ ਮੈਚ ਖੇਡੇ ਸਨ ਅਤੇ ਉਹਨਾਂ ਨੇ ਵਧੀਆ ਗੇਂਦਬਾਜੀ ਕੀਤੀ ਸੀ.
ਪਠਾਨ ਨੇ ਸਰਫਰਾਜ਼ ਖਾਨ ਦੀ ਜਗ੍ਹਾ ਦੀਪਕ ਹੁੱਡਾ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ. ਸਰਫਰਾਜ ਹੁਣ ਤੱਕ ਦਿੱਤੇ ਗਏ ਮੌਕਿਆਂ ਤੇ ਅਸਫਲ ਰਹੇ ਹਨ. ਪਠਾਨ ਦਾ ਮੰਨਣਾ ਹੈ ਕਿ ਹੁੱਡਾ ਪੰਜਾਬ ਦੇ ਬੱਲੇਬਾਜ਼ੀ ਕ੍ਰਮ ਨੂੰ ਮਜ਼ਬੂਤੀ ਦੇਣਗੇ ਅਤੇ ਉਹਨਾਂ ਦੇ ਕੋਲ ਸਥਿਤੀ ਦੇ ਅਨੁਸਾਰ ਖੇਡਣ ਦੀ ਸਮਰੱਥਾ ਹੈ.
ਤੀਜੇ ਖਿਡਾਰੀ ਵਜੋਂ ਇਰਫਾਨ ਨੇ ਅਫਗਾਨਿਸਤਾਨ ਦੇ ਸਪਿਨਰ ਮੁਜੀਬ ਉਰ ਰਹਿਮਾਨ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ. ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਦੀ ਟੀਮ ਅਗਲੇ ਮੈਚ ਵਿਚ ਕਿਸ ਪਲੇਇੰਗ ਇਲੈਵਨ ਨਾਲ ਮੈਦਾਨ ਤੇ ਉਤਰਦੀ ਹੈ.