ਰਾਹੁਲ-ਮਯੰਕ ਦੀ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਪੰਜਾਬ ਨੇ ਗੁਆਇਆ ਮੈਚ, ਹੁਣ ਹਰ ਮੈਚ ਵਿਚ 'ਕਰੋ ਜਾਂ ਮਰੋ'

Updated: Sun, Oct 11 2020 13:18 IST
Twitter

ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਸ਼ਨੀਵਾਰ ਦੀ ਦੁਪਹਿਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ ਵਿਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ. ਕੇਕੇਆੜ ਨੇ ਪੰਜਾਬ ਨੂੰ ਇਸ ਮੁਕਾਬਲੇ ਵਿਚ 2 ਦੌੜਾਂ ਨਾਲ ਹਰਾ ਦਿੱਤਾ. ਇਸ ਹਾਰ ਦੇ ਨਾਲ ਪੰਜਾਬ ਦੀ ਪਲੇਆੱਫ ਵਿਚ ਪਹੁੰਚਣ ਦੀ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ ਤੇ ਹੁਣ ਕੇ ਐਲ ਰਾਹੁਲ ਦੀ ਟੀਮ ਨੂੰ ਆਪਣਾ ਹਰ ਮੈਚ ਜਿੱਤਣਾ ਹੋਵੇਗਾ. ਹਾਲਾਂਕਿ, ਜੇਕਰ ਪੰਜਾਬ ਤੇ ਕੇਕੇਆਰ ਵਿਚਕਾਰ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਆਖਰੀ ਤਿੰਨ ਓਵਰਾਂ ਵਿਚ ਬੱਲੇਬਾਜਾਂ ਦੇ ਖਰਾਬ ਪ੍ਰਦਰਸ਼ਨ ਕਰਕੇ ਟੀਮ ਨੂੰ ਦੋ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ.

ਪੰਜਾਬ ਦੇ ਗੇਂਦਬਾਜਾਂ ਨੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕੋਲਕਾਤਾ ਨੂੰ ਸਿਰਫ 164 ਦੇ ਸਕੋਰ ਤੇ ਰੋਕ ਦਿੱਤਾ. ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਲਾਜਵਾਬ ਸ਼ੁਰੂਆਤ ਕੀਤੀ ਤੇ ਮਯੰਕ ਅਗਰਵਾਲ ਤੇ ਕੇ ਐਲ ਰਾਹੁਲ ਦੀ ਸਲਾਮੀ ਜੋੜੀ ਨੇ ਇਕ ਵਾਰ ਫਿਰ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਵਿਕਟ ਲਈ 115 ਦੌੜਾਂ ਜੋੜੀਆਂ. ਇਕ ਸਮੇਂ ਪੰਜਾਬ ਦੀ ਟੀਮ ਇਸ ਟੀਚੇ ਨੂੰ ਆਰਾਮ ਨਾਲ ਹਾਸਲ ਕਰਦੇ ਹੋਏ ਦਿਖਾਈ ਦੇ ਰਹੀ ਸੀ, ਪਰ ਅਚਾਨਕ ਹੀ ਵਿਕਟਾਂ ਦੇ ਪਤਝੜ ਨੇ ਪੰਜਾਬ ਤੋਂ ਜਿੱਤ ਨੂੰ ਦੂਰ ਕਰ ਦਿੱਤਾ. ਪੰਜਾਬ ਲਈ ਕਪਤਾਨ ਕੇ ਐਲ ਰਾਹੁਲ ਨੇ 74 ਦੌੜਾਂ ਦੀ ਪਾਰੀ ਖੇਡੀ ਅਤੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨੇ 56 ਦੌੜਾਂ ਬਣਾਈਆਂ. 

ਇਹਨਾਂ ਦੋਵਾਂ ਤੋਂ ਅਲਾਵਾ ਨਿਕੋਲਸ ਪੂਰਨ ਨੇ 10 ਗੇਂਦਾਂ ਤੇ 16 ਅਤੇ ਗਲੈਨ ਮੈਕਸਵੇਲ ਨੇ 5 ਗੇਂਦਾਂ ਤੇ 10 ਦੌੜਾਂ ਬਣਾਈਆਂ. ਆਖਰੀ ਓਵਰ ਵਿਚ ਪੰਜਾਬ ਨੂੰ ਜਿੱਤ ਲਈ 14 ਦੌੜਾਂ ਦੀ ਲੋੜ ਸੀ ਪਰ, ਟੀਮ ਸਿਰਫ 11 ਦੌੜਾਂ ਹੀ ਬਣਾ ਸਕੀ ਅਤੇ ਦੋ ਦੌੜਾਂ ਨਾਲ ਮੈਚ ਹਾਰ ਗਈ.

ਜੇਕਰ ਇਸ ਮੈਚ ਵਿਚ ਕਿੰਗਜ ਇਲੈਵਨ ਦੀ ਗੇਂਦਬਾਜੀ ਦੀ ਗੱਲ ਕਰੀਏ ਤਾਂ ਗੇਂਦਾਬਾਜਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਕੇਕੇਆਰ ਨੂੰ 164 ਦੇ ਔਸਤ ਸਕੋਰ ਤੇ ਹੀ ਰੋਕ ਦਿੱਤਾ. ਪੰਜਾਬ ਦੇ ਲਈ ਯੁਵਾ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜੀ ਕੀਤੀ. ਅਰਸ਼ਦੀਪ ਨੇ ਪਹਿਲਾ ਓਵਰ ਮੇਡਨ ਸੁੱਟਦੇ ਹੋਏ, ਆਪਣੇ ਕੋਟੇ ਦੇ 4 ਓਵਰਾਂ ਵਿਚ 25 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ. ਯੁਵਾ ਸਪਿਨਰ ਰਵੀ ਬਿਸ਼ਨੋਈ ਅਤੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਨੇ ਵੀ ਇਕ-ਇਕ ਵਿਕਟ ਹਾਸਲ ਕੀਤਾ. ਪਰ ਗੇਂਦਬਾਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਪੰਜਾਬ ਦੇ ਬੱਲੇਬਾਜਾਂ ਨੇ ਪਾਣੀ ਫੇਰ ਦਿੱਤਾ.

ਹੁਣ ਤੱਕ ਇਸ ਸੀਜਨ ਵਿਚ ਪੰਜਾਬ ਦੀ ਟੀਮ 7 ਮੈਚ ਖੇਡ ਚੁੱਕੀ ਹੈ ਅਤੇ 6 ਮੈਚਾਂ ਵਿਚ ਹਾਰ ਦੇ ਨਾਲ ਇਹ ਟੀਮ ਪੁਆਇੰਟ ਟੇਬਲ ਤੇ 8ਵੇਂ ਨੰਬਰ ਤੇ ਹੈ. ਹੁਣ ਜੇ ਪੰਜਾਬ ਦੀ ਟੀਮ ਨੂੰ ਪਲੇਆੱਫ ਤੱਕ ਪਹੁੰਚਣਾ ਹੈ ਤਾਂ ਉਹਨਾਂ ਲਈ ਹਰ ਮੁਕਾਬਲਾ ਜਿੱਤਣਾ ਬੇੱਹਦ ਜਰੂਰੀ ਹੋਵੇਗਾ, ਹਾਲਾਂਕਿ ਅਜੇ ਵੀ ਟੀਮ ਇਹ ਕਾਰਨਾਮਾ ਕਰ ਸਕਦੀ ਹੈ. ਹੁਣ ਇਹ ਦੇਖਣਾ ਦਿਲਚਸਪ ਹੋਵੋਗਾ ਕਿ ਪੰਜਾਬ ਅਗਲੇ ਮੈਚ ਵਿਚ ਕਿਸ ਰਣਨੀਤੀ ਨਾਲ ਮੈਦਾਨ ਤੇ ਉਤਰਦੀ ਹੈ.

TAGS