IPL 2022: ਲਖਨਊ ਨੇ KKR ਨੂੰ 75 ਦੌੜਾਂ ਨਾਲ ਹਰਾਇਆ, ਆਵੇਸ਼ ਤੇ ਹੋਲਡਰ ਬਣੇ ਜਿੱਤ ਦੇ ਹੀਰੋ
IPL 2022 ਦੇ 53ਵੇਂ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 75 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਵਿੱਚ ਕੇਕੇਆਰ ਦੇ ਬੱਲੇਬਾਜ਼ ਬਿਲਕੁੱਲ ਫਲਾਪ ਸਾਬਤ ਹੋਏ। ਲਖਨਊ ਲਈ ਆਵੇਸ਼ ਖਾਨ ਅਤੇ ਜੇਸਨ ਹੋਲਡਰ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਕੇਕੇਆਰ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਪਹਿਲੀ ਵਿਕਟ ਜਲਦੀ ਗੁਆਉਣ ਤੋਂ ਬਾਅਦ, ਕਵਿੰਟਨ ਡੀ ਕਾਕ ਅਤੇ ਦੀਪਕ ਹੁੱਡਾ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਦੂਜੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ।
ਲਖਨਊ ਲਈ ਡੀ ਕਾਕ ਨੇ 50 ਦੌੜਾਂ ਬਣਾਈਆਂ ਜਦਕਿ ਦੀਪਕ ਹੁੱਡਾ ਨੇ 41 ਦੌੜਾਂ ਬਣਾਈਆਂ। ਹਾਲਾਂਕਿ, ਕਰੁਣਾਲ ਪੰਡਯਾ ਨੇ ਬੱਲੇ ਨਾਲ ਬਹੁਤ ਧੀਮੀ ਪਾਰੀ ਖੇਡੀ ਅਤੇ 27 ਗੇਂਦਾਂ ਵਿੱਚ 25 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਮਾਰਕਸ ਸਟੋਇਨਿਸ ਨੇ 28 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਦੌਰਾਨ ਉਸ ਦਾ ਸਟ੍ਰਾਈਕਰੇਟ 200 ਰਿਹਾ। ਟੀਮ ਲਈ ਆਖਰੀ ਓਵਰਾਂ 'ਚ ਜੇਸਨ ਹੋਲਡਰ ਨੇ ਵੀ 4 ਗੇਂਦਾਂ 'ਚ 2 ਛੱਕਿਆਂ ਦੀ ਮਦਦ ਨਾਲ 13 ਦੌੜਾਂ ਬਣਾਈਆਂ।
ਜਿਸ ਦੇ ਆਧਾਰ 'ਤੇ ਲਖਨਊ ਨੇ ਕੇਕੇਆਰ ਦੇ ਸਾਹਮਣੇ 20 ਓਵਰਾਂ 'ਚ 177 ਦੌੜਾਂ ਦਾ ਟੀਚਾ ਰੱਖਿਆ। ਕੋਲਕਾਤਾ ਨਾਈਟ ਰਾਈਡਰਜ਼ ਲਈ ਆਂਦਰੇ ਰਸਲ ਨੇ ਦੋ ਸਫਲਤਾਵਾਂ ਦਿੱਤੀਆਂ। ਇਸੇ ਤਰ੍ਹਾਂ ਟਿਮ ਸਾਊਦੀ, ਸ਼ਿਵਮ ਮਾਵੀ ਅਤੇ ਸੁਨੀਲ ਨਾਰਾਇਣ ਨੂੰ ਵੀ ਇਕ-ਇਕ ਵਿਕਟ ਮਿਲੀ। 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੇਕੇਆਰ ਦੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਪਾਵਰਪਲੇ ਦੇ ਦੌਰਾਨ ਹੀ ਉਸ ਨੇ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ।
ਇਸ ਦੌਰਾਨ ਬਾਬਾ ਇੰਦਰਜੀਤ (0), ਆਰੋਨ ਫਿੰਚ (14) ਅਤੇ ਸ਼੍ਰੇਅਸ ਅਈਅਰ (6) ਪੈਵੇਲੀਅਨ ਪਰਤ ਗਏ। ਸਿਖਰਲੇ ਕ੍ਰਮ ਦੇ ਫਲਾਪ ਹੋਣ ਤੋਂ ਬਾਅਦ ਟੀਮ ਨੂੰ ਜਿੱਤ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮੱਧਕ੍ਰਮ ਨੂੰ ਦਿੱਤੀ ਗਈ ਸੀ ਪਰ ਉਹ ਅਜਿਹਾ ਕਰਨ 'ਚ ਨਾਕਾਮ ਰਿਹਾ ਅਤੇ ਰਨ ਰੇਟ ਦੇ ਦਬਾਅ 'ਚ ਇਕ ਤੋਂ ਬਾਅਦ ਇਕ ਵਿਕਟ ਗੁਆਂਦਾ ਰਿਹਾ। ਨਿਤੀਸ਼ ਰਾਣਾ ਨੇ 11 ਗੇਂਦਾਂ 'ਤੇ 2 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਫਾਰਮ 'ਚ ਨਜ਼ਰ ਆ ਰਹੇ ਰਿੰਕੂ ਸਿੰਘ 10 ਗੇਂਦਾਂ 'ਚ 6 ਦੌੜਾਂ ਹੀ ਬਣਾ ਸਕੇ।
ਹਾਲਾਂਕਿ ਇਸ ਦੌਰਾਨ ਟੀਮ ਲਈ ਆਂਦਰੇ ਰਸੇਲ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 19 ਗੇਂਦਾਂ 'ਚ 5 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ ਪਰ ਇਹ ਕਾਫੀ ਨਹੀਂ ਸੀ ਅਤੇ ਇਹ ਕੈਰੇਬੀਆਈ ਬੱਲੇਬਾਜ਼ ਵੀ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਇਸ ਦੇ ਨਾਲ ਹੀ ਸੁਨੀਲ ਨਰਾਇਣ ਨੇ ਵੀ 22 ਦੌੜਾਂ ਦੀ ਪਾਰੀ ਖੇਡੀ। ਪਰ ਇਨ੍ਹਾਂ ਦੋਨਾਂ ਖਿਡਾਰੀਆਂ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਲਖਨਊ ਦੇ ਗੇਂਦਬਾਜ਼ਾਂ ਦੇ ਸਾਹਮਣੇ ਥੋੜੀ ਦੇਰ ਤੱਕ ਟਿਕ ਨਹੀਂ ਸਕਿਆ।